ਸੁਨਾਮ ਊਧਮ ਸਿੰਘ ਵਾਲਾ, 30 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਬਖਸ਼ੀਵਾਲਾ ਵਲੋਂ ਮੁੱਖ ਗ੍ਰੰਥੀ ਬੀਰਬਲ ਸਿੰਘ ਦੀ ਅਗਵਾਈ ਵਿਚ ਸ੍ਰੀ ਸਹਿਜ ਪਾਠ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਸਾਹਿਬ, ਅਕਾਲ ਕਾਲਜ ਕੌਂਸਲ, ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰੂ ਘਰ ਵਿਖੇ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ ਗਿਆ | ਜਿਸ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਏ ਪੰਜ ਪਿਆਰਿਆਂ ਵਲੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਉਪਰੰਤ 61 ਪ੍ਰਾਣੀਆਂ ਨੂੰ ਅੰਮਿ੍ਤ ਛਕਾਇਆ ਗਿਆ | ਜਥੇਦਾਰ ਬਾਬਾ ਤੇਜਾ ਸਿੰਘ ਘੁਮਾਣ ਨੇ ਗੁਰੂ ਘਰ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨ ਪੀੜੀ ਨੂੰ ਗੁਰੂ ਲੜ ਲੱਗਣ ਅਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਮੁੱਖ ਗ੍ਰੰਥੀ ਗੁਰੂ ਘਰ ਬਾਬਾ ਬੀਰਬਲ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਸੰਗਤ ਨੂੰ ਅੰਮਿ੍ਤ ਪਾਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜਥੇਦਾਰ ਬਾਬਾ ਤੇਜਾ ਸਿੰਘ ਘੁਮਾਣ, ਬਾਬਾ ਮੇਜਰ ਸਿੰਘ, ਭੋਲਾ ਸਿੰਘ ਪ੍ਰਧਾਨ, ਜਸਵੀਰ ਸਿੰਘ ਅਤੇ ਗੋਬਿੰਦਰ ਸਿੰਘ ਭੋਲਾ ਆਦਿ ਮੌਜੂਦ ਸਨ |