ਸ਼ੇਰਪੁਰ, 30 ਅਪ੍ਰੈਲ (ਮੇਘ ਰਾਜ ਜੋਸ਼ੀ)-'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਮੀਡੀਆ ਸਲਾਹਕਾਰ ਅਤੇ ਬੁਲਾਰੇ ਪ੍ਰੋ. ਰਣਜੀਤ ਸਿੰਘ ਧਨੋਆ ਨੇ ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਦੀ ਅਣਗਹਿਲੀ ਕਾਰਨ ਪੰਜਾਬ ਨੂੰ ਰਾਜ ਸਭਾ ਵਿੱਚ ਵੱਡਾ ਨੁਕਸਾਨ ਝੱਲਣਾ ਪਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ 'ਤੇ ਪੰਜਾਬ ਵਿਚੋਂ ਵੱਡੀ ਗਿਣਤੀ ਵਿੱਚ ਵਿਧਾਇਕ ਜਿੱਤਦੀ, ਤਾਂ ਹੀ ਉਹ ਰਾਜ ਸਭਾ ਲਈ ਵੱਡੀ ਨੁਮਾਇੰਦਗੀ ਹਾਸਲ ਕਰ ਸਕਦੀ ਸੀ, ਪਰ ਮੌਜੂਦਾ ਹਾਲਤਾਂ ਵਿੱਚ ਇਹ ਫ਼ਾਇਦਾ ਉਸ ਨੰੂ ਸੌਖਿਆਂ ਮਿਲ ਗਿਆ | ਧਨੋਆ ਨੇ ਕਿਹਾ ਕਿ ਹੁਣ ਰਾਜ ਸਭਾ ਵਿੱਚ ਪੰਜਾਬ ਦੀ ਵੋਟ ਬੀਜੇਪੀ ਦੇ ਹੱਕ ਵਿੱਚ ਹੀ ਜਾਣ ਦੀ ਸੰਭਾਵਨਾ ਬਣ ਗਈ ਹੈ ਅਤੇ ਇਹ ਹਾਲਾਤ ਤਦ ਤੱਕ ਰਹਿਣਗੇ ਜਦ ਤੱਕ ਸੰਬੰਧਿਤ ਮੈਂਬਰਾਂ ਦੀ ਛੇ ਸਾਲਾਂ ਦੀ ਮਿਆਦ ਪੂਰੀ ਨਹੀਂ ਹੁੰਦੀ | ਉਨ੍ਹਾਂ ਮੁੱਖ ਮੰਤਰੀ 'ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਰਾਜ ਸਭਾ ਦੇ ਮੈਂਬਰਾਂ ਦੀ ਤੁਲਨਾ ਸਥਾਨਕ ਚੋਣਾਂ ਨਾਲ ਕਰਨਾ ਠੀਕ ਨਹੀਂ, ਕਿਉਂਕਿ ਇਹ ਦੇਸ਼ ਦੇ ਸਭ ਤੋਂ ਉੱਚੇ ਸਦਨ ਨਾਲ ਸੰਬੰਧਿਤ ਅਹੁਦਾ ਹੈ, ਜਿੱਥੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਹੁੰਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ ਜਨਤਾ ਵੱਲੋਂ ਚੁਣੇ ਗਏ ਪ੍ਰਤੀਨਿਧੀ ਬੀਜੇਪੀ ਦੇ ਪੱਖ ਵਿੱਚ ਖੜ੍ਹੇ ਹੋ ਗਏ ਹਨ, ਜੋ ਲੋਕਾਂ ਦੇ ਫ਼ਤਵੇ ਦੀ ਅਣਦੇਖੀ ਦੇ ਬਰਾਬਰ ਹੈ | ਧਨੋਆ ਨੇ ਇਸ ਸਥਿਤੀ ਨੂੰ ਪੰਜਾਬ ਲਈ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਇਹ ਲੋਕਤੰਤਰਿਕ ਮੂਲਾਂ 'ਤੇ ਸਵਾਲ ਖੜ੍ਹੇ ਕਰਦੀ ਹੈ |