ਸੁਨਾਮ ਊਧਮ ਸਿੰਘ ਵਾਲਾ, 11 ਮਈ (ਰੁਪਿੰਦਰ ਸਿੰਘ ਸੱਗੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ 11 ਮਈ ਤੋਂ ਪੰਜਾਬ ਦੇ 10 ਜ਼ਿਲਿਆਂ ਅੰਦਰ ਬੈਂਕਾਂ ਨੂੰ ਜਿੰਦਰਾ ਮਾਰ ਕੇ ਪੱਕੇ ਧਰਨੇ ਸ਼ੁਰੂ ਕਰਨ ਦੇ ਕੀਤੇ ਐਲਾਨ ਤਹਿਤ ਅੱਜ ਬੀਕੇਯੂ ਸਿੱਧੂਪੁਰ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਸੁਨਾਮ ਅੱਗੇ ਜ਼ਿਲ੍ਹਾ ਪੱਧਰੀ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਬੈਂਕ ਅੱਗੇ ਧਰਨਾ ਸ਼ੁਰੂ ਕਰਦਿਆਂ ਆਗੂਆਂ ਨੇ ਸਟੇਜ ਤੋਂ ਬੈਂਕ ਮੁਲਾਜ਼ਮਾਂ ਨੂੰ 12 ਵਜੇ ਤੱਕ ਬੈਂਕ ਬੰਦ ਕਰਕੇ ਬਾਹਰ ਆਉਣ ਦਾ ਅਲਟੀਮੇਟਮ ਦਿੱਤਾ ਤਾਂ ਬੈਂਕ ਮੈਨੇਜਰ ਵੱਲੋਂ ਆਗੂਆਂ ਨਾਲ ਗੱਲਬਾਤ ਉਪਰੰਤ ਸਾਰੇ ਮੁਲਾਜ਼ਮਾਂ ਨੂੰ ਬੈਂਕ ਤੋਂ ਬਾਹਰ ਕਰਕੇ ਖ਼ੁਦ ਹੀ ਬੈਂਕ ਨੂੰ ਤਾਲੇ ਲਗਵਾ ਦਿੱਤੇ ਗਏ | ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੋ ਕਿ ਸਹਿਕਾਰਤਾ ਵਿਭਾਗ ਦੇ ਮੁਖੀ ਹਨ, ਖੇਤੀਬਾੜੀ ਵਿਕਾਸ ਬੈਂਕ (ਲੈਂਡ ਮਾਰਗੇਜ ਬੈਂਕ) ਵੀ ਉਨ੍ਹਾਂ ਦੇ ਅਧੀਨ ਹਨ | ਇਨ੍ਹਾਂ ਬੈਂਕਾਂ ਵੱਲੋਂ ਕਿਸਾਨਾਂ ਤੋਂ ਪੈਸੇ ਭਰਵਾ ਕੇ ਅਤੇ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਦੇਣ ਤੋਂ ਬਾਅਦ ਉਸੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਲਈ ਧੋਖਾਧੜੀ ਕਰਦੇ ਹੋਏ ਕਿਸਾਨ ਤੋਂ ਲਏ ਗਏ ਖ਼ਾਲੀ ਚੈੱਕ ਅਦਾਲਤ ਵਿੱਚ ਲਗਾ ਕੇ ਕਿਸਾਨਾਂ ਨੂੰ ਜੇਲ੍ਹਾਂ 'ਚ ਭੇਜਣ ਅਤੇ ਜ਼ਮੀਨਾਂ ਹੜੱਪਣ ਦੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਹਨ ਅਤੇ ਇਸੇ ਲੈਂਡ ਮਾਰਗੇਜ ਬੈਂਕ ਵੱਲੋਂ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਇਸੇ ਤਰ੍ਹਾਂ ਪੈਸੇ ਭਰਵਾਉਣ ਤੋਂ ਬਾਅਦ ਵੀ ਤੰਗ ਪ੍ਰੇਸ਼ਾਨ ਕਰਕੇ ਖ਼ੁਦਕੁਸ਼ੀ ਕਰ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਪਿਛਲੀ 30 ਮਾਰਚ ਤੋਂ ਲੈਂਡ ਮਾਰਗੇਜ ਬੈਂਕ ਫ਼ਰੀਦਕੋਟ ਅੱਗੇ ਲਗਾਤਾਰ ਧਰਨਾ ਚੱਲ ਰਿਹਾ ਹੈ | ਧਰਨਾ ਮੰਗਾਂ ਮੰਨੇ ਜਾਣ ਤੱਕ ਅਣਮਿਥੇ ਸਮੇਂ ਲਈ ਜਾਰੀ ਰਹੇਗਾ | ਇਸ ਮੌਕੇ ਕੇਵਲ ਸਿੰਘ ਜਵੰਧਾ, ਕਰਮਜੀਤ ਸਿੰਘ ਬਾਲਦ ਕਲਾਂ, ਜਸਵੰਤ ਸਿੰਘ ਛਾਹੜ, ਜਤਿੰਦਰ ਸਿੰਘ ਜਲੂਰ, ਕਸ਼ਮੀਰ ਸਿੰਘ ਉਗਰਾਹਾਂ, ਕਰਮ ਸਿੰਘ ਨਮੋਲ, ਮਨਜੀਤ ਸਿੰਘ ਖਾਈ, ਮਨਪ੍ਰੀਤ ਸਿੰਘ ਗਾਗਾ, ਮਦਨ ਮਹਿਲਾਂ, ਹਰਜਿੰਦਰ ਮਹਿਲਾਂ, ਦਲੇਲ ਸਿੰਘ ਚੱਠਾ, ਗੁਰਨੈਬ ਸਿੰਘ ਜਵੰਧਾ, ਦੇਵ ਖਡਿਆਲ, ਗੁਰਚਰਨ ਨਮੋਲ, ਭਗਵੰਤ ਮੈਦੇਵਾਸ, ਨਾਹਰ ਸਿੰਘ ਸ਼ਾਹਪੁਰ, ਅਮਨਦੀਪ ਸ਼ੇਰੋਂ, ਤੇਜਾ ਸਿੰਘ ਕਪਿਆਲ, ਗੁਰਵਿੰਦਰ ਸਿੰਘ ਛਾਹੜ, ਸੁਬੇਗ ਸਿੰਘ ਤੁਰੀ, ਤਰਸੇਮ ਸਿੰਘ ਅਕਬਰਪੁਰ, ਗੁਰਚਰਨ ਸਿੰਘ ਲਹਿਲ ਕਲਾਂ, ਅਵਤਾਰ ਸਿੰਘ ਰਾਮਪੁਰਾ, ਮੇਜਰ ਸਿੰਘ ਸੁਰਜਣ ਭੈਣੀ, ਪਰਸ ਰਾਮ, ਬਲਵੀਰ ਰੋੜੇਵਾਲਾ, ਭੋਲਾ ਲਹਿਲ ਕਲਾਂ, ਸ਼ੰਮੀ ਖਾਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |