ਸੰਗਰੂਰ, 11 ਮਈ (ਦਮਨਜੀਤ ਸਿੰਘ) - ਸਥਾਨਕ ਨੂਰਪੁਰਾ ਮਹੱਲਾ ਵਾਰਡ ਦੇ ਕੌਂਸਲਰ ਰਿਤੂ ਕੰਡਾ ਵੱਲੋਂ ਮਾਂ ਦਿਵਸ ਦੇ ਮੌਕੇ ਉੱਤੇ ਅੱਖਾਂ ਦੇ ਚੈੱਕ ਅੱਪ ਦਾ ਮੁਫ਼ਤ ਕੈਂਪ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਲਗਾਇਆ ਗਿਆ | ਕੈਂਪ ਦੇ ਮੁੱਖ ਪ੍ਰਬੰਧਕ ਹੈਪੀ ਕੰਡਾ ਨਿਗਰਾਨੀ ਹੇਠ ਭੂਮੀ, ਸੀਫੀ, ਕੋਮਲ, ਸੀਮਾ ਖੁਰਾਣਾ, ਦੀਪਕ, ਰੋਹਿਨ ਆਦਿ ਦੀ ਪ੍ਰਬੰਧਕੀ ਟੀਮ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ | ਗਲੋਬਲ ਅੱਖਾਂ ਦਾ ਹਸਪਤਾਲ ਮਾਨਸ਼ਾਹੀਆ ਕਲੋਨੀ ਸੰਗਰੂਰ ਦੇ ਡਾਕਟਰ ਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਮੀਤ ਸਿੰਘ ਅਤੇ ਨੀਲੂ ਯਾਦਵ ਦੀ ਟੀਮ ਨੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ | ਇਸ ਮੌਕੇ ਅਰਵਿੰਦ ਖੰਨਾ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਨੇ ਵਿਸ਼ੇਸ਼ ਤੌਰ ਉੱਤੇ ਪਹੁੰਚ ਕੇ ਰਿਤੂ ਕੰਡਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਅਤੇ ਗੁਰੂ ਘਰ ਦੇ ਸਕੱਤਰ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਮਾਂ ਦਿਵਸ ਦੇ ਮੌਕੇ ਮੁਹੱਲੇ ਦੀਆਂ ਮਾਵਾਂ ਨੂੰ ਸਤਿਕਾਰ ਦੇਣ ਹਿਤ ਲਗਾਏ ਇਸ ਕੈਂਪ ਦੀ ਸਮਾਜ ਸੇਵਾ ਦਾ ਵੱਡਾ ਕਾਰਜ ਦੱਸਿਆ | ਇਸ ਮੌਕੇ ਉਨ੍ਹਾਂ ਨਾਲ ਮਾਸਟਰ ਹੇਮ ਰਾਜ, ਨੰਦ ਲਾਲ ਗਰੋਵਰ, ਦੇਸ ਰਾਜ ਹਰੀ ਓਮ, ਰਾਮ ਲਾਲ ਗੁਲ੍ਹਾਟੀ ਆਦਿ ਵਾਰਡ ਨਿਵਾਸੀ ਮੌਜੂਦ ਸਨ | ਰਿਤੂ ਕੰਡਾ ਨੇ ਦੱਸਿਆ ਕਿ ਇਸ ਕੈਂਪ ਵਿੱਚ 200 ਤੋਂ ਵੱਧ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ | ਡਾਕਟਰਾਂ ਵੱਲੋਂ ਸਿਫਾਰਿਸ਼ ਕੀਤੇ 40 ਮਰੀਜ਼ਾਂ ਦੇ ਓਪਰੇਸ਼ਨ ਵੀ ਹਸਪਤਾਲ ਵਿਖੇ ਮੁਫ਼ਤ ਕੀਤੇ ਜਾਣਗੇ | ਮਹੱਲਾ ਨਿਵਾਸੀ ਬੀਬੀਆਂ ਪਰਮਜੀਤ ਕੌਰ, ਸਤਿੰਦਰ ਕੌਰ, ਰਜਵਿੰਦਰ ਕੌਰ, ਸੰਤੋਸ਼ ਕੌਰ, ਬਲਜੀਤ ਕੌਰ ਮੁਰੀਦ, ਸ਼ੀਲੂ ਰਾਣੀ ਆਦਿ ਨੇ ਕਿਹਾ ਕਿ ਰਿਤੂ ਕੰਡਾ ਵਾਰਡ ਦੀ ਸਾਫ਼ ਸਫ਼ਾਈ ਅਤੇ ਹੋਰ ਪ੍ਰਬੰਧ ਬੜੀ ਤਨਦੇਹੀ ਨਾਲ ਕਰ ਰਹੇ ਹਨ ਅਤੇ ਅੱਜ ਇਸ ਕੈਪ ਨਾਲ ਸਮਾਜ ਸੇਵਾ ਦੇ ਆਰੰਭੇ ਕਾਰਜ ਦੀ ਵਾਰਡ ਵਾਸੀਆਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ |