ਸੰਗਰੂਰ, 11 ਮਈ (ਸੁਖਵਿੰਦਰ ਸਿੰਘ ਫੁੱਲ) - ਕੈਂਬਿ੍ਜ ਇੰਟਰਨੈਸ਼ਨਲ ਸਕੂਲ, ਸੁਨਾਮ ਰੋਡ ਸੰਗਰੂਰ ਵਿਖੇ ਮਾਂ ਦਿਵਸ ਬੜੇ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿੱਚ ਵੱਖ-ਵੱਖ ਰਚਨਾਤਮਿਕ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ | ਸਕੂਲ ਪਿ੍ੰਸੀਪਲ ਮਨਦੀਪ ਛੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਜੋ ਉਸ ਨੂੰ ਜੀਵਨ ਦੇ ਸਹੀ ਮੁੱਲਾਂ ਨਾਲ ਜਾਣੂ ਕਰਵਾਉਂਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਵਿੱਚ ਮਾਪਿਆਂ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ ਮਾਂ ਦਾ ਸਥਾਨ ਦੁਨੀਆ ਵਿੱਚ ਸਭ ਤੋਂ ਉੱਚਾ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਸਕੂਲ ਪੈ੍ਰਜ਼ੀਡੈਂਟ ਡਾਕਟਰ ਸੀਮਾ ਅਰੋੜਾ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਮਾਂ ਦਾ ਪਿਆਰ ਨਿਸ਼ਕਾਮ ਹੁੰਦਾ ਹੈ ਅਤੇ ਮਾਂ ਹਰ ਹਾਲਤ ਵਿੱਚ ਆਪਣੇ ਬੱਚਿਆਂ ਲਈ ਸਮਰਪਿਤ ਰਹਿੰਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਮਾਂ ਦੀ ਸੇਵਾ ਅਤੇ ਆਗਿਆ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਸੀ.ਈ.ਓ ਭਾਵਨਾ ਪੌਲ ਨੇ ਕਿਹਾ ਕਿ ਮਾਂ ਦਿਵਸ ਵਰਗੇ ਪ੍ਰੋਗਰਾਮ ਬੱਚਿਆਂ ਦੇ ਭਾਵਨਾਤਮਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |