ਸੁਨਾਮ ਊਧਮ ਸਿੰਘ ਵਾਲਾ, 11 ਮਈ (ਧਾਲੀਵਾਲ, ਭੁੱਲਰ) - ਨਗਰ ਕੌਂਸਲ ਚੋਣਾਂ ਦੇ ਐਲਾਨ ਹੋਣ ਤੋਂ ਪਹਿਲਾਂ ਹੀ ਸੁਨਾਮ ਦੀ ਸੱਤਾਧਾਰੀ ਪਾਰਟੀ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਖਿਲਾਰਾ ਪੈਣਾ ਸ਼ੁਰੂ ਹੋ ਗਿਆ ਹੈ | ਅੱਜ ਸਵੇਰੇ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਖ਼ਾਸ ਸਾਥੀਆਂ 'ਚੋਂ ਗਿਣੇ ਜਾਂਦੇ ਹਰਵਿੰਦਰ ਸਿੰਘ ਨਾਮਧਾਰੀ ਨੇ ਟਿਕਟ ਨਾਂ ਮਿਲਣ ਤੇ ਬਾਗ਼ੀ ਤੇਵਰ ਵਿਖਾਉਂਦਿਆਂ ਅੱਜ ਸ਼ਾਮ ਨੂੰ ਆਪਣੇ ਸਮਰਥਕਾਂ ਦਾ ਇਕੱਠ ਸੱਦ ਲਿਆ ਹੈ | ਦੂਜੇ ਪਾਸੇ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਝਾੜੂ ਚੋਣ ਨਿਸ਼ਾਨ 'ਤੇ ਜਿੱਤੇ ਹੋਏ ਇਕੋ ਇਕ ਉਮੀਦਵਾਰ ਸੰਤੋਸ਼ ਰਾਣੀ ਪਤਨੀ ਕਨ੍ਹਈਆ ਲਾਲ ਨੇ ਟਿਕਟ ਨਾਂ ਮਿਲਣ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਲਿਆ | ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਭਾਜਪਾ ਵਿਚ ਸ਼ਾਮਿਲ ਹੋਏ ਸੰਤੋਸ਼ ਰਾਣੀ ਅਤੇ ਕਨ੍ਹਈਆ ਲਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਆਪ ਦਾ ਇਕੋ-ਇਕ ਅਧਿਕਾਰਤ ਨਗਰ ਕੌਂਸਲਰ ਦਾ ਛੱਡ ਕੇ ਜਾਣਾ ਪਾਰਟੀ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ | ਉਨ੍ਹਾਂ ਕਿਹਾ ਕਿ ਜੋ ਵੀ ਸੁਨਾਮ ਨਗਰ ਕੌਂਸਲ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨੀ ਚਾਹੁੰਦਾ ਹੈ ਅਤੇ ਪ੍ਰਸ਼ਾਸਨ ਜਾਂ ਹਾਕਮ ਧਿਰ ਅਜਿਹੇ ਉਮੀਦਵਾਰਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰੇਗੀ ਅਸੀਂ ਉਨ੍ਹਾਂ ਸਾਰੇ ਪੀੜ੍ਹਤ ਉਮੀਦਵਾਰਾਂ ਦਾ ਡਟ ਕੇ ਸਾਥ ਦੇਵਾਂਗੇ | ਇਸ ਮੌਕੇ ਹਰਮਨਦੇਵ ਸਿੰਘ ਬਾਜਵਾ ਵੀ ਮੌਜੂਦ ਸਨ |