ਸੰਗਰੂਰ, 11 ਮਈ (ਅਮਨਦੀਪ ਸਿੰਘ ਬਿੱਟਾ) - ਪੰਜਾਬੀ ਮਾਂ ਬੋਲੀ ਅਤੇ ਭਾਸ਼ਾ ਨੂੰ ਪਿਆਰ ਕਰਨ ਵਾਲੇ ਸੰਗਰੂਰ ਦੇ ਸਮਾਜ ਸੇਵੀ ਬਹਾਦਰ ਸਿੰਘ ਰਾਓ ਜਿਨ੍ਹਾਂ ਪਿਛਲੇ ਦਿਨੀਂ ਸੰਗਰੂਰ-ਪਟਿਆਲਾ ਸੜਕ ਉੱਤੇ ਦਿੱਲੀ-ਕੱਟੜਾ ਐਕਸਪ੍ਰੈਸਵੇਅ ਦੇ ਪੁਲ ਤੋਂ ਪਹਿਲਾਂ ਲਗਾਏ ਚਿਤਾਵਨੀ ਬੋਰਡ ਨੂੰ ਦਰੁਸਤ ਕਰਨ ਦੀ ਮੰਗ ਅਧਿਕਾਰੀ ਕੋਲ ਉਠਾਈ ਸੀ, ਦੇ ਯਤਨਾਂ ਨੂੰ ਉਸ ਵੇਲੇ ਬਲ ਮਿਲਿਆ ਜਦ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਇਸ ਦਾ ਨੋਟਿਸ ਲੈਂਦਿਆਂ ਖੇਤਰੀ ਦਫ਼ਤਰ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਸਬੰਧਿਤ ਬੋਰਡ ਪੰਜਾਬੀ ਭਾਸ਼ਾ 'ਚ ਕਰਵਾੳਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ | ਬਹਾਦਰ ਸਿੰਘ ਰਾਓ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਦਸੰਬਰ 2022 ਤੋਂ ਕੋਸ਼ਿਸ਼ ਕਰਦੇ ਆ ਰਹੇ ਸਨ ਅਤੇ ਈ. ਮੇਲ ਵੀ ਖੇਤਰੀ ਦਫ਼ਤਰ ਨੂੰ ਭੇਜੀ ਸੀ | ਉਨ੍ਹਾਂ ਦੱਸਿਆ ਕਿ ਜਦ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਭਾਸ਼ਾ ਵਿਭਾਗ ਨੂੰ ਸ਼ਿਕਾਇਤ ਕੀਤੀ | ਮੁਖੀ ਖੇਤਰੀ ਦਫ਼ਤਰ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੂੰ ਪੱਤਰ ਲਿਖਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਬੋਰਡ ਪੰਜਾਬ ਭਾਸ਼ਾ ਵਿੱਚ ਲਿਖਣ ਲਈ ਕਿਹਾ ਗਿਆ ਹੈ | ਜ਼ਿਕਰਯੋਗ ਹੈ ਕਿ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਬਦਲ ਕੇ ਲਗਾਏ ਜਾਂਦੇ ਅਕਸਰ ਇਹ ਬੋਰਡ ਮਾਂ ਬੋਲੀ ਅਤੇ ਭਾਸ਼ਾ ਦਾ ਮਜ਼ਾਕ ਉਠਾਉਂਦੇ ਹੀ ਪ੍ਰਤੀਤ ਹੁੰਦੇ ਹਨ |