20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜ਼ਿਲ੍ਹਾ ਮਲੇਰਕੋਟਲਾ ਅੰਦਰ 61 ਵਾਰਡਾਂ ਦੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਪ੍ਰਸ਼ਾਸਨ ਤਿਆਰ- ਚੋਣ ਅਧਿਕਾਰੀ

ਅਜੀਤ ਡੈਸਕ 13-05-2026
ਮਲੇਰਕੋਟਲਾ 12 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ, ਹਨੀਫ਼ ਥਿੰਦ)- ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਨਗਰ ਕੌਂਸਲ ਮਲੇਰਕੋਟਲਾ, ਅਹਿਮਦਗੜ੍ਹ ਤੇ ਨਗਰ ਪੰਚਾਇਤ ਅਮਰਗੜ੍ਹ ਦੀਆਂ 61 ਵਾਰਡਾਂ 'ਚ 26 ਮਈ ਨੂੰ ਹੋਣ ਵਾਲੀਆਂ ਆਮ ਚੋਣਾਂ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਤਤਪਰ ਹੈ | ਇਹ ਪ੍ਰਗਟਾਵਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਵਿਰਾਜ ਐਸ.ਤਿੜਕੇ ਨੇ ਕੀਤਾ | ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਮਲੇਰਕੋਟਲਾ ਅਧੀਨ ਨਗਰ ਕੌਂਸਲ ਮਲੇਰਕੋਟਲਾ ਅਧੀਨ 33 ਵਾਰਡਾਂ ਵਿੱਚ, ਨਗਰ ਕੌਂਸਲ ਅਹਿਮਦਗੜ੍ਹ ਅਧੀਨ 17 ਵਾਰਡਾਂ ਵਿੱਚ ਅਤੇ ਨਗਰ ਪੰਚਾਇਤ ਅਮਰਗੜ੍ਹ 11 ਵਾਰਡਾਂ ਵਿੱਚ ਚੋਣ ਕਰਵਾਈ ਜਾਣੀ ਹੈ | ਇਨ੍ਹਾਂ ਚੋਣਾਂ ਲਈ ਕੁੱਲ 138 ਬੂਥ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਮਲੇਰਕੋਟਲਾ ਵਿਖੇ 101, ਅਹਿਮਦਗੜ੍ਹ ਵਿਖੇ 26 ਅਤੇ ਨਗਰ ਪੰਚਾਇਤ ਅਮਰਗੜ੍ਹ ਵਿਖੇ 11 ਬੂਥ ਸਥਾਪਿਤ ਕੀਤੇ ਗਏ ਹਨ ਅਤੇ ਇਸ ਵਿੱਚ ਤਕਰੀਬਨ 1 ਲੱਖ 27 ਹਜ਼ਾਰ 807 ਵੋਟਰ ਭਾਗ ਲੈਣਗੇ | ਜਿਨ੍ਹਾਂ ਵਿੱਚ 66622 ਪੁਰਸ਼, 61174 ਇਸਤਰੀ ਅਤੇ 11 ਹੋਰ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ | ਸਕੱਤਰ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਐਸ.ਡੀ.ਐਮ ਮਲੇਰਕੋਟਲਾ ਕਨੂ ਗਰਗ ਨੂੰ ਬਤੌਰ ਰਿਟਰਨਿੰਗ ਅਫ਼ਸਰ ਨਗਰ ਕੌਂਸਲ ਮਲੇਰਕੋਟਲਾ, ਐਸ.ਡੀ.ਐਮ ਅਮਰਗੜ੍ਹ ਹਰਬੰਸ ਸਿੰਘ ਨੂੰ ਬਤੌਰ ਰਿਟਰਨਿੰਗ ਅਫ਼ਸਰ ਨਗਰ ਪੰਚਾਇਤ ਅਮਰਗੜ੍ਹ ਅਤੇ ਕਾਰਜਕਾਰੀ ਇੰਜੀਨੀਅਰ ਪੰਜਾਬ ਸਟੇਟ ਟਿਊਵੈਲ ਕਾਰਪੋਰੇਸ਼ਨ ਮਲੇਰਕੋਟਲਾ ਇੰਜ.ਹਰਮਿੰਦਰ ਸਿੰਘ ਨੂੰ ਬਤੌਰ ਰਿਟਰਨਿੰਗ ਅਫ਼ਸਰ ਨਗਰ ਕੌਂਸਲ ਅਹਿਮਦਗੜ੍ਹ ਨਿਯੁਕਤ ਕੀਤਾ ਗਿਆ ਹੈ | ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਸ਼ਡਿਊਲ ਦੇ ਅਨੁਸਾਰ, ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੁਆਰਾ ਨਾਮਜ਼ਦਗੀਆਂ ਦਾਖਲ ਕਰਨ ਦੀ ਮਿਆਦ 13.05.2026 (ਬੁੱਧਵਾਰ) (ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ) ਇਸ ਉਦੇਸ਼ ਲਈ ਨਿਰਧਾਰਿਤ ਸਬੰਧਿਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਸ਼ੁਰੂ ਹੋਵੇਗੀ | ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਮਿਤੀ 16.05.20265 (ਸ਼ਨੀਵਾਰ) ਹੋਵੇਗੀ | ਨਾਮਜ਼ਦਗੀ ਪੱਤਰਾਂ ਦੀ ਜਾਂਚ 18.05.2026 (ਸੋਮਵਾਰ) ਨੂੰ ਹੋਵੇਗੀ | ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 19.05.2026 (ਮੰਗਲਵਾਰ) (ਦੁਪਹਿਰ 03:00 ਵਜੇ ਤੱਕ) ਹੈ | ਸਾਰੇ ਨਾਮਜ਼ਦਗੀ ਫਾਰਮ ਨਿਰਧਾਰਿਤ ਹਲਫ਼ੀਆ ਬਿਆਨ ਦੇ ਨਾਲ ਹੋਣੇ ਚਾਹੀਦੇ ਹਨ, ਅਤੇ ਜੇਕਰ ਉਮੀਦਵਾਰ ਕਿਸੇ ਰਾਜਨੀਤਿਕ ਪਾਰਟੀ ਦੁਆਰਾ ਸਪਾਂਸਰ ਕੀਤਾ ਗਿਆ ਹੈ, ਤਾਂ ਸਬੰਧਿਤ ਰਾਜਨੀਤਿਕ ਪਾਰਟੀ ਦਾ ਅਧਿਕਾਰਤ ਪੱਤਰ ਹੋਣਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਇਹ ਪੋਲਿੰਗ 26.05.2026 (ਮੰਗਲਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹੋਵੇਗੀ | ਪੋਲ ਹੋਈਆਂ ਵੋਟਾਂ ਦੀ ਗਿਣਤੀ 29.05.2026 (ਸ਼ੁੱਕਰਵਾਰ) ਨੂੰ ਗਿਣਤੀ ਕੇਂਦਰਾਂ 'ਤੇ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਨ੍ਹਾਂ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲਾਂ ਲਈ ਚੋਣ ਲੜ ਰਹੇ ਉਮੀਦਵਾਰ ਲਈ ਕਮਿਸ਼ਨ ਦੁਆਰਾ ਖ਼ਰਚ ਸੀਮਾ ਨਗਰ ਕੌਂਸਲਾਂ ਲਈ ਸ਼੍ਰੇਣੀ-ਏ ਲਈ 3,60 ਹਜ਼ਾਰ ਰੁਪਏ, ਸ਼੍ਰੇਣੀ ਬੀ 2,30,000 ਰੁਪਏ, ਸ਼੍ਰੇਣੀ ਸੀ 2 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ | ਡੀ.ਸੀ ਨੇ ਦੱਸਿਆ ਕਿ ਚੋਣ ਸ਼ਡਿਊਲ ਦੇ ਐਲਾਨ ਦੇ ਨਾਲ, ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ 'ਚ, ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ, ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ ਲੜਨ ਦੇ ਚਾਹਵਾਨਾਂ ਨੇ ਐਨ.ਓ.ਸੀ ਨਾ ਮਿਲਣ 'ਤੇ ਕੀਤਾ ਰੋਸ ਪ੍ਰਗਟ <br/> ਅਗਲੀ ਖ਼ਬਰ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਸ਼ੱਕੀ ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।