30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜ਼ਿਲ੍ਹਾ ਮਲੇਰਕੋਟਲਾ ਦੇ 61 ਵਾਰਡਾਂ ਨੂੰ ਫ਼ਤਹਿ ਕਰਨ ਲਈ ਸਿਆਸੀ ਧਿਰਾਂ ਨੇ 'ਮੋਰਚਾ ਸੰਭਾਲਿਆ' <br/>

ਅਜੀਤ ਡੈਸਕ 18-05-2026
ਮਲੇਰਕੋਟਲਾ, 17 ਮਈ (ਮਨਜਿੰਦਰ ਸਿੰਘ ਸਰੌਦ) - ਸੂਬੇ ਅੰਦਰ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਮਲੇਰਕੋਟਲਾ ਦੇ 'ਸਿਆਸੀ ਰਣਖੇਤਰ' ਦਾ ਪਾਰਾ ਚੜ੍ਹਦਾ ਵਿਖਾਈ ਦਿੰਦਾ ਹੈ | ਨਗਰ ਕੌਂਸਲ ਮਲੇਰਕੋਟਲਾ ਦੇ 33 ਵਾਰਡਾਂ ਤੇ ਅਹਿਮਦਗੜ੍ਹ ਦੇ 17 ਤੋਂ ਇਲਾਵਾ ਨਗਰ ਪੰਚਾਇਤ ਅਮਰਗੜ੍ਹ ਦੇ 11 ਵਾਰਡਾਂ ਲਈ ਰਾਜਨੀਤਿਕ ਧਿਰਾਂ ਵਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ | ਤਕਰੀਬਨ 1 ਲੱਖ 27 ਹਜ਼ਾਰ 807 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਸੱਤਾਧਾਰੀ ਧਿਰ ਦੀਆਂ ਸਿਆਸੀ ਗਤੀਵਿਧੀਆਂ ਤੋਂ ਬਾਅਦ ਕਾਂਗਰਸ , ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਵੀ ਅਗਲੀ 'ਸੰਭਾਵੀ ਰਣਨੀਤੀ' ਨੂੰ ਕੇਂਦਰ ਬਿੰਦੂ ਬਣਾ ਕੇ ਜ਼ਿਲ੍ਹੇ ਦੇ ਸ਼ਹਿਰਾਂ ਅੰਦਰ 'ਮੈਰਾਥਨ ਮੀਟਿੰਗਾਂ' ਦਾ ਦੌਰ ਆਰੰਭ ਕਰ ਦਿੱਤਾ ਹੈ | ਆਮ ਆਦਮੀ ਪਾਰਟੀ ਦੇ ਜ਼ਿਲੇ੍ਹ ਨਾਲ ਸੰਬੰਧਿਤ ਦੋਵਾਂ ਵਿਧਾਇਕਾਂ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਤੇ ਡਾ. ਜਮੀਲ ਉਰ ਰਹਿਮਾਨ ਵਲੋਂ ਸਰਕਾਰ ਦੀਆਂ ਮੁੱਖ ਪ੍ਰਾਪਤੀਆਂ ਰਾਹੀਂ ਲੋਕਾਂ 'ਚ ਜਾ ਕੇ ਅਗਲੀ ਵਿਉਂਤਬੰਦੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਸੱਤਾਧਾਰੀ ਧਿਰ ਵਲੋਂ ਨਹਿਰੀ ਪਾਣੀ, ਮੈਡੀਕਲ ਕਾਲਜ, ਨੌਕਰੀਆਂ, ਸੜਕੀ ਪ੍ਰੋਜੈਕਟ ਤੇ ਵਿਕਾਸ ਕਾਰਜਾਂ ਦੇ ਨਾਲ-ਨਾਲ ਇਕ ਹਜ਼ਾਰ ਤੇ 1500 ਰੁਪਿਆ ਮਹਿਲਾਵਾਂ ਦੇ ਖਾਤੇ ਵਿੱਚ ਪਾਉਣ ਵਰਗੀਆਂ ਯੋਜਨਾਵਾਂ ਨੂੰ ਲੋਕਾਂ 'ਚ ਪ੍ਰਚਾਰ ਕੇ ਆਪਣੇ ਹੱਕ 'ਚ ਭੁਗਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਕਾਂਗਰਸ ਪਾਰਟੀ ਵੱਲੋਂ ਹਲਕਾ ਮਲੇਰਕੋਟਲਾ ਦੇ ਅੰਦਰ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਦੀ ਅਗਵਾਈ ਹੇਠ ਵਿਚਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਬੀਬਾ ਰਜ਼ੀਆ ਸੁਲਤਾਨਾ ਦੇ ਵੇਲੇ ਕੀਤੇ ਗਏ ਵਿਕਾਸ ਕਾਰਜਾਂ ਤੋਂ ਇਲਾਵਾ 'ਆਪ' ਦੀਆਂ ਨੀਤੀਆਂ ਨੂੰ 'ਲੋਕ ਮਾਰੂ' ਦੱਸ ਕੇ ਸਰਗਰਮੀ ਸ਼ੁਰੂ ਕੀਤੀ ਹੈ, ਉਨ੍ਹਾਂ ਵੱਲੋਂ ਨਗਰ ਕੌਂਸਲ ਲਈ ਪਹਿਲ ਕਰਦਿਆਂ ਆਪਣੇ ਸਾਰੇ 33 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ | ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਵਲੋਂ ਹਮਲਾਵਰ ਰੁਖ ਅਪਣਾ ਕੇ ਹਲਕੇ ਦੇ ਰਾਜਨੀਤਿਕ ਮਾਹੌਲ ਨੂੰ 'ਤੱਤਾ' ਕਰ ਦਿੱਤਾ ਹੈ | ਉਨ੍ਹਾਂ ਵਲੋਂ ਵੀ ਉਮੀਦਵਾਰਾਂ ਦਾ ਐਲਾਨ ਕਰਦਿਆਂ ਅਗਲੀ ਰੂਪ-ਰੇਖਾ ਉਲੀਕੀ ਜਾ ਰਹੀ ਹੈ | ਭਾਜਪਾ ਵਲੋਂ ਵੋਟਰਾਂ 'ਚ ਜਾ ਕੇ ਆਪਣੀ ਸਿਆਸੀ ਪਕੜ ਨੂੰ ਮਜ਼ਬੂਤ ਕਰਨ ਲਈ ਸਿਰਤੋੜ ਕੋਸ਼ਿਸ਼ ਕੀਤੀ ਜਾਵੇਗੀ | ਅਕਾਲੀ ਦਲ ਵਲੋਂ ਹਲਕਾ ਮਲੇਰਕੋਟਲਾ ਦੇ ਸਿਆਸੀ ਮੈਦਾਨ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਾਲ ਜੋੜ-ਘਟਾਓ ਕਰ ਕੇ ਖੰਘਾਲਿਆ ਜਾ ਰਿਹਾ ਹੈ | ਕਾਂਗਰਸ ਪਾਰਟੀ ਵਲੋਂ ਹਲਕਾ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਜੱਸੀ ਖੰਗੂੜਾ, ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਗੁਰਜੋਤ ਸਿੰਘ ਢੀਂਡਸਾ ਤੇ ਸਮਿੱਤ ਸਿੰਘ ਮਾਨ ਸਣੇ ਦੂਸਰੀ ਕਤਾਰ ਦੇ ਅੱਧੀ ਦਰਜਨ ਆਗੂ ਚਾਰਾਜੋਈ' ਕਰਦੇ ਪ੍ਰਤੀਤ ਹੁੰਦੇ ਹਨ | ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਪ੍ਰਦਰਸ਼ਨ ਵੀ ਕਾਫੀ ਕੁਝ ਤੈਅ ਕਰੇਗਾ | ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਿਸ ਪੰਜਾਬ ਦੇ ਵਿੱਚ ਤਹਿ 'ਚੋਣ ਸਮਝੌਤੇ' ਦੀ ਰੂਪ ਰੇਖਾ ਕੀ ਹੋਵੇਗੀ? | ਕੁਲ ਮਿਲਾ ਕੇ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਸੰਦਰਭ ਅੰਦਰ ਜ਼ਿਲ੍ਹਾ ਮਲੇਰਕੋਟਲਾ ਦੇ ਸਿਆਸੀ ਰਣਖੇਤਰ ਅੰਦਰ ਚਹਿਲ-ਪਹਿਲ ਜ਼ਰੂਰ ਵਿਖਾਈ ਦਿੰਦੀ ਹੈ |

ਪਿਛਲੀ ਖ਼ਬਰ ਆਯਾਨਾ ਨੇ ਜ਼ਿਲ੍ਹਾ ਮਲੇਰਕੋਟਲਾ ਅਤੇ ਸਕੂਲ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਪਹਿਲੇ ਸਰੀਰਦਾਨੀ ਭਾਈ ਹਰੀ ਸਿੰਘ ਦੀ 21ਵੀਂ ਬਰਸੀ ਨੂੰ ਸਮਰਪਿਤ ਹੋਏ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।