ਸੰਗਰੂਰ, 17 ਮਈ (ਚੌਧਰੀ ਨੰਦ ਲਾਲ ਗਾਂਧੀ) ਪੰਜਾਬ ਅੰਦਰ ਨਗਰ ਕੌਂਸਲਾਂ ਦੀਆਂ ਹੋ ਰਹੀਆਂ ਚੋਣਾਂ ਵਿੱਚ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਵਰਕਰ ਆਪੋ -ਆਪਣੇ ਸ਼ਹਿਰਾਂ ਅੰਦਰ ਆਪਣੇ ਵਾਰਡਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਵਾਲ ਕਰ ਕੇ ਸਰਕਾਰ ਦੇ ਚਾਰ ਸਾਲਾਂ ਦਾ ਲੇਖਾ ਜੋਖਾ ਪੁੱਛਣਗੇ | ਉਕਤ ਫ਼ੈਸਲਾ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਗੇਟ ਅੱਗੇ ਚੱਲ ਰਹੇ ਪੱਕੇ ਮੋਰਚੇ ਦੇ 144 ਵੇਂ ਦਿਨ ਕੀਤਾ | ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿਲਵਾਂ ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਪਿਛਲੇ ਕਰੀਬ ਸਵਾ ਚਾਰ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਆਪਣੇ ਕੀਤੇ ਵਾਅਦਿਆਂ ਅਨੁਸਾਰ ਇੱਕ ਵੀ ਭਰਤੀ ਨਹੀਂ ਕੀਤੀ | ਉਨ੍ਹਾਂ ਪੰਜਾਬ ਸਰਕਾਰ ਉੱਪਰ ਦੋਸ਼ ਲਾਇਆ ਕਿ ਇਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੰਗਣ ਦੀ ਉੱਪਰਲੀ ਉਮਰ ਸੀਮਾ ਲੰਘਣ ਕਾਰਨ ਰੁਜ਼ਗਾਰ ਮੰਗਣ ਤੋਂ ਵਾਂਝੇ ਕਰ ਦਿੱਤਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਆਈ ਅਖੌਤੀ ਕ੍ਰਾਂਤੀ ਮਹਿਜ਼ ਕਾਗ਼ਜ਼ੀ ਖਾਨਾਪੂਰਤੀ ਹੈ | ਉਨ੍ਹਾਂ ਕਿਹਾ ਕਿ ਉਹ 24 ਮਈ ਨੂੰ ਮੁੜ ਮੁੱਖ -ਮੰਤਰੀ ਦੇ ਸਥਾਨਕ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਨੂੰ ਜਨਤਕ ਕਰਨਗੇ | ਇਸ ਮੌਕੇ ਰਾਜਵੀਰ ਕੌਰ, ਰਵਿੰਦਰ ਸਿੰਘ ਦੁੱਗਾਂ, ਗੁਲਾਬ ਸਿੰਘ ਬਖੋਰਾ ਆਦਿ ਹਾਜ਼ਰ ਸਨ |