ਮਲੇਰਕੋਟਲਾ, 19 ਮਈ (ਮੁਹੰਮਦ ਹਨੀਫ਼ ਥਿੰਦ)- ਸ਼ਹਿਰ ਵਿਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਭਿਆਨਕ ਢੇਰਾਂ, ਬਦਬੂਦਾਰ ਮਾਹੌਲ ਅਤੇ ਪੂਰੀ ਤਰ੍ਹਾਂ ਵਿਗੜ ਚੁੱਕੀ ਸਫ਼ਾਈ ਵਿਵਸਥਾ ਨੂੰ ਲੈ ਕੇ ਸੀਨੀਅਰ ਭਾਜਪਾ ਆਗੂ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹਦਿਆਂ ਇੱਕ ਵੱਡਾ ਸਿਆਸੀ ਹਮਲਾ ਬੋਲਿਆ ਹੈ | ਗੱਲਬਾਤ ਕਰਦਿਆਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਵੱਲੋਂ ਕੀਤੀ ਗਈ ਅਨਿਸ਼ਚਿਤਕਾਲੀ ਹੜਤਾਲ ਕਾਰਨ ਅੱਜ ਪੂਰਾ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਸ਼ਹਿਰ ਦਾ ਕੋਈ ਵੀ ਅਜਿਹਾ ਮੁਹੱਲਾ, ਬਾਜ਼ਾਰ ਜਾਂ ਮੁੱਖ ਸੜਕ ਨਹੀਂ ਬਚੀ ਜਿੱਥੇ ਗੰਦਗੀ ਦੇ ਪਹਾੜ ਨਾ ਖੜ੍ਹੇ ਹੋਣ, ਜਿਸ ਕਾਰਨ ਆਮ ਸ਼ਹਿਰੀਆਂ, ਪੈਦਲ ਚੱਲਣ ਵਾਲੇ ਰਾਹਗੀਰਾਂ ਅਤੇ ਦੁਕਾਨਦਾਰਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ ਅਤੇ ਲੋਕ ਮਹਾਂਮਾਰੀ ਤੇ ਭਿਆਨਕ ਬਿਮਾਰੀਆਂ ਦੇ ਸਾਏ ਹੇਠ ਜਿਊਣ ਲਈ ਮਜਬੂਰ ਹਨ | ਉਨ੍ਹਾਂ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਪ੍ਰਸ਼ਾਸਨ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਨ ਅਤੇ ਉਨ੍ਹਾਂ ਦੇ ਮਸਲਿਆਂ ਦਾ ਠੋਸ ਹੱਲ ਕੱਢਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ ਅਤੇ ਸਰਕਾਰ ਦੀ ਇਸੇ ਨਾਕਾਮੀ ਤੇ ਅੜੀਅਲ ਰਵੱਈਏ ਕਾਰਨ ਅੱਜ ਪੂਰੇ ਸ਼ਹਿਰ ਨੂੰ ਇਹ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੱਤਾ ਹਾਸਲ ਕਰਨ ਲਈ ਜਨਤਾ ਨਾਲ ਬਦਲਾਅ ਅਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦੇ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕਰਨ ਵਾਲੀ ਇਸ ਪਾਰਟੀ ਦਾ ਅਸਲੀ ਚਿਹਰਾ ਹੁਣ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਾ ਹੈ, ਕਿਉਂਕਿ ਇੱਕ ਪਾਸੇ ਸਫ਼ਾਈ ਕਰਮਚਾਰੀ ਸੜਕਾਂ 'ਤੇ ਹਨ ਅਤੇ ਦੂਜੇ ਪਾਸੇ ਜਨਤਾ ਗੰਦਗੀ ਵਿਚ ਰਹਿਣ ਲਈ ਮਜਬੂਰ ਹੈ, ਪਰ ਸਰਕਾਰ ਦੇ ਨੁਮਾਇੰਦੇ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ |