ਲਹਿਰਾਗਾਗਾ, 19 ਮਈ (ਅਸ਼ੋਕ ਗਰਗ)- ਲਹਿਰਾਗਾਗਾ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਸ਼ਾਖਾਵਾਂ ਦੇ ਏ.ਟੀ.ਐਮ ਨਕਦੀ ਕਿੱਲਤ ਕਾਰਨ 'ਸਫੈਦ ਹਾਥੀ' ਬਣੇ ਹੋਏ ਹਨ | ਮਈ ਦੇ ਪਹਿਲੇ ਹਫਤੇ ਤੋਂ ਲੋਕ ਕੈਸ਼ ਲਈ ਵਾਰ ਵਾਰ ਗੇੜੇ ਕੱਟ ਰਹੇ ਹਨ | ਪੇਂਡੂ ਖੇਤਰਾਂ 'ਚ ਨਕਦੀ 'ਤੇ ਨਿਰਭਰ ਕਿਸਾਨ-ਮਜ਼ਦੂਰ ਇਸ ਕਿੱਲਤ ਕਾਰਨ ਕਾਫ਼ੀ ਪ੍ਰੇਸ਼ਾਨ ਹਨ | ਬਹੁਤੇ ਕਿਸਾਨਾਂ ਨੇ ਫਸਲਾਂ ਵੇਚਣ ਤੋਂ ਬਾਅਦ ਆਪਣੇ ਖਾਤਿਆਂ 'ਚ ਆਈ ਰਕਮ ਬੈਂਕਾਂ ਦੀਆਂ ਲਿਮਟਾਂ ਭਰਨ ਲਈ ਵਰਤ ਲਈ, ਪਰ ਹੁਣ ਬੈਕਾਂ ਅਤੇ ਏ.ਟੀ.ਐਮ ਤੋਂ ਨਕਦੀ ਨਾ ਮਿਲਣ ਕਾਰਣ ਪ੍ਰੇਸ਼ਾਨ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਕਾਰਨ ਲੈਣ-ਦੇਣ ਬਹੁਤ ਪ੍ਰਭਾਵਿਤ ਹੋਇਆ ਹੈ | 1 ਮਈ ਤੋਂ ਕਿਸਾਨਾਂ ਦੇ ਖਾਤਿਆਂ 'ਚ ਫ਼ਸਲ ਦੀ ਵੱਡੀ ਰਕਮ ਪਹੁੰਚੀ ਹੈ, ਪਰ ਆਪਣੇ ਹੀ ਪੈਸੇ ਕਢਵਾਉਣ ਲਈ ਹੁਣ ਬੈਂਕਾਂ 'ਚ ਤਰਲੋ ਮੱਛੀ ਹੋਣਾ ਪੈ ਰਿਹਾ ਹੈ | ਪੇਂਡੂ ਖੇਤਰਾਂ 'ਚ ਫਸਲੀ ਭੁਗਤਾਨ, ਮਜ਼ਦੂਰੀ ਅਤੇ ਹੋਰ ਖਰਚਿਆਂ ਕਾਰਨ ਨਕਦ ਰੁਪਇਆ ਬਾਹਰ ਤਾਂ ਜਾ ਰਿਹਾ ਹੈ, ਪਰ ਵਾਪਸ ਬੈਂਕਾਂ 'ਚ ਨਹੀਂ ਆ ਰਿਹਾ | ਇਸ ਇਕ-ਪਾਸੜ ਨਿਕਾਸੀ ਕਾਰਨ ਸ਼ਾਖਾਵਾਂ ਦੀ ਨਕਦੀ ਸਮਰੱਥਾ ਤੇਜ਼ੀ ਨਾਲ ਘਟ ਗਈ ਹੈ | ਬੈਂਕ ਅਧਿਕਾਰੀਆਂ ਮੁਤਾਬਿਕ ਸ਼ਾਖਾਵਾਂ 'ਚ ਰੋਜ਼ਾਨਾ ਆ ਰਹੀ ਸੀਮਤ ਨਕਦੀ ਦੇ ਆਧਾਰ 'ਤੇ ਗਾਹਕਾਂ ਨੂੰ ਨਿਕਾਸੀ ਦਿੱਤੀ ਜਾ ਰਹੀ ਹੈ | ਬੈਂਕਿੰਗ ਖੇਤਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਕਿੱਲਤ ਪਿੱਛੇ ਪੰਜਾਬ, ਹਰਿਆਣਾ ਅਤੇ ਉੱਤਰੀ ਰਾਜਾਂ ਵਿੱਚ ਕਣਕ ਖਰੀਦ ਸੀਜ਼ਨ ਵੀ ਵੱਡਾ ਕਾਰਨ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸਨਮੀਕ ਸਿੰਘ ਹੈਨਰੀ, ਆੜ੍ਹਤੀ ਐਸੋਸੀਏਸ਼ਨ ਲਹਿਰਾਗਾਗਾ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਬੇਦੀ ਨੇ ਕਿਹਾ ਕਿ ਹਾਲਾਤ ਲਾਕਡਾਊਨ ਵਰਗੇ ਬਣ ਗਏ ਹਨ | ਏ.ਟੀ.ਐਮ ਖਾਲੀ ਪਏ ਹਨ ਅਤੇ ਸ਼ਾਖਾ ਵਿੱਚ ਸੀਮਿਤ ਨਕਦੀ ਕਾਰਨ ਪੈਨਸ਼ਨਧਾਰਕਾਂ ਅਤੇ ਹੋਰ ਗਾਹਕਾਂ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ | ਸਹਿਕਾਰੀ ਬੈਂਕ ਲਹਿਰਾਗਾਗਾ ਅੱਗੇ ਅੱਜ ਇਹ ਦੇਖਿਆ ਗਿਆ ਕਿ ਸੈਂਕੜੇ ਕਿਸਾਨ ਬੈਂਕ ਨਾਲ ਲੈਣ ਦੇਣ ਕਰਨ ਲਈ ਬੈਂਕ ਦੇ ਬਾਹਰ ਖੜੇ ਸਨ | ਬੈਂਕ ਅੰਦਰ ਖਾਤਾਧਾਰਕਾਂ ਦੇ ਖੜਨ ਲਈ ਥਾਂ ਘੱਟ ਹੋਣ ਕਰਕੇ ਬੈਂਕ ਅਧਿਕਾਰੀਆਂ ਨੇ ਬੈਂਕ ਦੇ ਬਾਹਰਲੇ ਪਾਸੇ ਆਰਜੀ ਤੌਰ 'ਤੇ ਟੈਂਟ ਲਗਾ ਕੇ ਕਿਸਾਨਾਂ ਦੇ ਬੈਠਣ ਲਈ ਜਿੱਥੇ ਕੁਰਸੀਆਂ ਲਗਾਈਆਂ ਗਈਆਂ ਹਨ |