ਭਵਾਨੀਗੜ੍ਹ, 4 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਮਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ ਦੂਜੇ ਦਿਨ ਰੱਖ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੰਜੀਵ ਕਾਕੜਾ ਅਤੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਸਤੌਜ ਨੇ ਕਿਹਾ ਕਿ ਮਨਰੇਗਾ ਮੁਲਾਜ਼ਮਾਂ ਨੂੰ ਪਿਛਲੇ 6-7 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿੱਚ ਮਰਜ਼ ਕਰ ਕੇ ਪੱਕੀਆਂ ਅਸਾਮੀਆਂ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਆਗੂਆਂ ਨੇ ਦੱਸਿਆ ਕਿ ਸਰਕਾਰ ਦੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਨੀਤੀ ਤੋਂ ਵੀ ਮਨਰੇਗਾ ਮੁਲਾਜ਼ਮਾਂ ਨੂੰ ਕੋਈ ਲਾਭ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲੋੜੀਂਦਾ ਡਾਟਾ ਇਕੱਠਾ ਕਰ ਕੇ ਸਬੰਧਿਤ ਪ੍ਰਵਾਨਗੀਆਂ ਵੀ ਹਾਸਲ ਕੀਤੀਆਂ ਜਾ ਚੁੱਕੀਆਂ ਹਨ, ਪਰ ਮਰਜ਼ ਕਰਨ ਸਬੰਧੀ ਆਦੇਸ਼ ਜਾਰੀ ਨਹੀਂ ਕੀਤੇ ਗਏ | ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨਾਲ ਹੋਈ ਮੀਟਿੰਗ ਦੌਰਾਨ ਇੱਕ ਹਫ਼ਤੇ ਵਿਚ ਮੁੜ ਮੀਟਿੰਗ ਕਰ ਕੇ ਮਰਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ | ਇਸੇ ਕਾਰਨ ਯੂਨੀਅਨ ਵਲੋਂ ਫਿਲਹਾਲ ਸ਼ਾਂਤਮਈ ਢੰਗ ਨਾਲ ਦਫ਼ਤਰਾਂ ਵਿੱਚ ਬੈਠ ਕੇ ਰੋਸ ਪ੍ਰਦਰਸ਼ਨ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ਧਰਨਾਕਾਰੀਆਂ ਨੇ ਕਿ ਜੇਕਰ ਅਗਲੀ ਮੀਟਿੰਗ ਵਿੱਚ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਮਹਿੰਗਾ ਸਿੰਘ, ਰਣਬੀਰ ਸਿੰਘ, ਅਮਰੀਕ ਸਿੰਘ, ਕਿ੍ਸ਼ਨ ਸਿੰਘ, ਸੁਖਜਿੰਦਰਪਾਲ ਸਿੰਘ, ਦਰਸ਼ਨ ਸਿੰਘ ਅਤੇ ਸਿਮਲਪ੍ਰੀਤ ਕੌਰ ਆਦਿ ਹਾਜ਼ਰ ਸਨ |