ਸੰਗਰੂਰ, 4 ਜੂਨ (ਅਮਨਦੀਪ ਸਿੰਘ ਬਿੱਟਾ) ਸੰਗਰੂਰ 'ਚ ਇਮਾਨਦਾਰੀ ਦੀ ਮਿਸਾਲ ਅੱਜ ਉਸ ਵੇਲੇ ਸਾਹਮਣੇ ਆਈ, ਜਦ ਸ਼ਾਹ ਸਤਨਾਮ ਗਰੀਨ ਐਸ ਵੈਲਫੇਅਰ ਫੋਰਸ ਸਿਰਸਾ ਦੇ ਮੈਂਬਰ ਅਵਤਾਰ ਸਿੰਘ ਵਾਸੀ ਸੰਤ ਅਤਰ ਸਿੰਘ ਨਗਰ ਨੇ ਇੱਕ ਡਿੱਗਿਆ ਪਰਸ, ਜਿਸ 'ਚ ਲਗਭਗ 9300 ਰੁਪਏ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ ਉਸ ਦੇ ਅਸਲ ਮਾਲਕ ਦੇ ਹਵਾਲੇ ਕੀਤਾ | ਅਵਤਾਰ ਸਿੰਘ ਨੂੰ ਇਹ ਪਰਸ ਨਾਨਕਿਆਣਾ ਚੌਂਕ ਨੇੜੇ ਸੜਕ 'ਤੇ ਡਿੱਗਿਆ ਮਿਲਿਆ ਅਤੇ ਉਸ ਨੂੰ ਪਰਸ ਵਿਚ ਮਿਲੇ ਆਧਾਰ ਕਾਰਡ ਤੋਂ ਛਪੇ ਐਡਰੈੱਸ ਤੋਂ ਪਤਾ ਲੱਗਿਆ ਕਿ ਇਹ ਪਰਸ ਸਤਿਗੁਰ ਸਿੰਘ ਵਾਸੀ ਪਿੰਡ ਪਲਾਸੌਰ ਦਾ ਹੈ ਪਰ ਪਰਸ ਵਿਚ ਕੋਈ ਸੰਪਰਕ ਨੰਬਰ ਨਹੀਂ ਸੀ | ਅਵਤਾਰ ਸਿੰਘ ਨੇ ਆਪਣੇ ਨਜ਼ਦੀਕੀ ਸਾਥੀ ਹਰਮਨ ਸ਼ਰਮਾ ਰਾਹੀਂ ਪਲਾਸੌਰ ਦੇ ਇੱਕ ਵਿਅਕਤੀ ਨਾਲ ਸੰਪਰਕ ਕਰ ਕੇ ਸਤਿਗੁਰ ਸਿੰਘ ਨੂੰ ਪਰਸ ਬਾਰੇ ਸੁਨੇਹਾ ਭੇਜਿਆ | ਇਸ 'ਤੇ ਸਤਿਗੁਰ ਸਿੰਘ ਨੇ ਆਪਣੇ ਕਾਗ਼ਜ਼ ਪੱਤਰ ਦੀ ਨਿਸ਼ਾਨੀਆਂ ਦੱਸ ਕੇ ਅਵਤਾਰ ਸਿੰਘ ਤੋਂ ਆਪਣਾ ਪਰਸ ਪ੍ਰਾਪਤ ਕਰ ਲਿਆ | ਅਵਤਾਰ ਸਿੰਘ ਇੱਕ ਨਿੱਜੀ ਹਸਪਤਾਲ ਵਿਚ ਨੌਕਰੀ ਕਰਦੇ ਹਨ |