ਭਵਾਨੀਗੜ੍ਹ, 4 ਜੂਨ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਪਿੰਡ ਝਨੇੜੀ ਵਿਖੇ ਸੁਨਾਮ-ਪਟਿਆਲਾ ਮੁਖ ਸੜਕ 'ਤੇ ਸਥਿਤ ਇਕ ਪੈਟਰੋਲ ਪੰਪ ਤੋਂ ਇਕ ਕਾਰ 'ਚ ਸਵਾਰ ਨੌਜਵਾਨਾਂ ਨੇ 4 ਹਜ਼ਾਰ ਰੁਪਏ ਦਾ ਤੇਲ ਪਵਾ ਕੇ ਬਿਨ੍ਹਾਂ ਰੁਪਏ ਦਿੱਤੇ ਹੀ ਭੱਜ ਜਾਣ ਦੀ ਖ਼ਬਰ ਮਿਲੀ ਹੈ | ਜਿਸ ਸਬੰਧੀ ਪੈਟਰੋਲ ਪੰਪ ਮਾਲਕ ਵਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ | ਇਸ ਸਬੰਧੀ ਪੈਟਰੋਲ ਪੰਪ ਦੇ ਮਾਲਕ ਚਮਕੌਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਡੇਢ ਵਜੇ ਸੁਨਾਮ ਵਾਲੀ ਸਾਈਡ ਤੋਂ ਬਿਨਾਂ ਨੰਬਰ ਵਾਲੀ ਇਕ ਕਾਰ ਤੇਲ ਪਵਾਉਣ ਦੇ ਲਈ ਰੁਕੀ, ਜਿਸ 'ਚ ਦੋ ਨੌਜਵਾਨ ਸਵਾਰ ਸਨ | ਉਨ੍ਹਾਂ ਦੱਸਿਆ ਕਿ ਜਦੋਂ ਪੈਟਰੋਲ ਪੰਪ ਦੇ ਮੁਲਾਜਮ ਵਲੋਂ ਕਾਰ 'ਚ ਤੇਲ ਪਾਇਆ ਜਾ ਰਿਹਾ ਸੀ ਤਾਂ ਦੋਵੇਂ ਨੌਜਵਾਨਾਂ ਨੇ ਆਪਣੀਆਂ ਸੀਟਾਂ ਦੀ ਅਦਲਾ-ਬਦਲੀ ਕਰ ਲਈ | ਇਸ ਦੌਰਾਨ ਪਹਿਲਾਂ ਡਰਾਈਵਰ ਸੀਟ 'ਤੇ ਬੈਠਾ ਨੌਜਵਾਨ ਦੂਜੇ ਪਾਸੇ ਜਾ ਬੈਠਿਆ ਅਤੇ ਦੂਜਾ ਨੌਜਵਾਨ ਡਰਾਈਵਰ ਸੀਟ 'ਤੇ ਆ ਗਿਆ | ਉਨ੍ਹਾਂ ਦੱਸਿਆ ਕਿ ਕਾਰ 'ਚ ਤੇਲ ਪਾਉਣ ਤੋਂ ਬਾਅਦ ਜਦੋਂ ਮੁਲਾਜਮ ਟੈਂਕੀ ਦਾ ਢੱਕਣ ਲਗਾਉਣ ਲੱਗਾ ਤਾਂ ਕਾਰ ਸਵਾਰ ਬਿਨ੍ਹਾਂ ਰੁਪਏ ਦਿੱਤਿਆਂ ਹੀ ਕਾਰ ਨੂੰ ਭਵਾਨੀਗੜ੍ਹ ਵਾਲੀ ਸਾਈਡ ਨੂੰ ਭਜਾ ਕੇ ਲੈ ਗਏ | ਇਸ ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ ਅਤੇ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ |