10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੁਟਕਾ ਸਾਹਿਬ ਜੀ ਬੇਅਦਬੀ ਨੂੰ ਲੈ ਕੇ ਸੰਗਤਾਂ ਨੇ ਕੱਢਿਆ ਰੋਸ ਮਾਰਚ <br/>

ਅਜੀਤ ਡੈਸਕ 07-06-2026
ਅਮਰਗੜ੍ਹ, 6 ਜੂਨ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸਥਾਨਕ ਸ਼ਹਿਰ ਅੰਦਰ ਪਿਛਲੇ ਦਿਨੀਂ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਮਰਗੜ੍ਹ ਵੱਲੋਂ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜੋ ਕਿ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਤੋਂ ਸ਼ੁਰੂ ਹੋ ਕੇ ਪੁੱਡਾ ਕਲੋਨੀ ਅਮਰਗੜ੍ਹ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ | ਰੋਸ ਮਾਰਚ ਸਬੰਧੀ ਬੈਨਰ ਹੱਥਾ 'ਚ ਫੜ ਸਿਰਾਂ ਅਤੇ ਦਸਤਾਰਾਂ ਤੇ ਰੋਸ ਦੇ ਪ੍ਰਤੀਕ ਕਾਲੇ ਰੰਗ ਦੀਆਂ ਪੱਟੀਆਂ ਬੰਨ੍ਹ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਇਸ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ | ਕਰਿਆਨਾ ਸਟੋਰ ਐਸੋਸੀਏਸ਼ਨ ਅਤੇ ਵਪਾਰ ਮੰਡਲ ਦੇ ਆਗੂਆਂ ਨੇ ਜਿੱਥੇ ਇਸ ਧਰਨੇ ਰੋਸ ਮਾਰਚ ਵਿੱਚ ਭਾਗ ਲਿਆ ਉੱਥੇ ਹੀ ਸਮੁੱਚੇ ਬਾਜ਼ਾਰ ਅੰਦਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਰੋਸ ਮਾਰਚ ਦਾ ਸਮਰਥਨ ਕੀਤਾ ਗਿਆ | ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਭਾਜਪਾ ਆਗੂ ਹੀਰਾ ਸਿੰਘ, ਬਹੁਜਨ ਸਮਾਜ ਪਾਰਟੀ ਦੇ ਆਗੂ ਸੰਤੋਖ ਸਿੰਘ, ਭਾਈ ਮਲਕੀਤ ਸਿੰਘ, ਭਾਈ ਨੈਬ ਸਿੰਘ, ਭਾਈ ਜਸਪ੍ਰੀਤ ਸਿੰਘ, ਦਰਸ਼ਨ ਸਿੰਘ ਸੈਕਟਰੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੋਂ ਜਗਦੀਸ਼ ਸਿੰਘ ਘੁੰਮਣ, ਅਵਤਾਰ ਸਿੰਘ ਬਦੇਸ਼ਾ, ਅਧਿਆਪਕ ਆਗੂ ਕੁਲਵੰਤ ਸਿੰਘ ਮੁਡਾਹੜ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਸਮੂਹ ਕੌਂਸਲਰਾਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ | ਅੰਤ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇੰਸਪੈਕਟਰ ਬਲਜੀਤ ਸਿੰਘ ਮੁੱਖ ਅਫ਼ਸਰ ਥਾਣਾ ਅਮਰਗੜ੍ਹ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ |

ਪਿਛਲੀ ਖ਼ਬਰ ਸੇਵਾ ਕੇਂਦਰਾਂ ਦੇ ਕੱਚੇ ਮੁਲਾਜ਼ਮਾਂ ਦੇ ਹੱਕ 'ਚ ਆਏ ਦਾਮਨ ਥਿੰਦ ਬਾਜਵਾ <br/> ਅਗਲੀ ਖ਼ਬਰ ਕਾਂਗਰਸ ਵਲੋਂ ਸਰਕਾਰੀ ਨੀਤੀਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।