ਛਾਜਲੀ, 11 ਜੂਨ (ਅਜਾਇਬ ਸਿੰਘ ਨੀਲੋਵਾਲ)-ਭਾਰਤੀ ਸਟੇਟ ਬੈਂਕ (ਐਸ. ਬੀ. ਆਈ.) ਦੀ ਛਾਜਲੀ ਬਰਾਂਚ ਵਲੋਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਨੇੜਲੇ ਪਿੰਡ ਰਾਮਪੁਰਾ ਕੋਠੇ ਦੀ ਮਿ੍ਤਕਾ ਅਮਨਦੀਪ ਕੌਰ ਦੇ ਪਤੀ ਗੁਰਵਿੰਦਰ ਸਿੰਘ ਨੂੰ 2 ਲੱਖ ਰੁਪਏ ਦੀ ਬੀਮਾ ਰਾਸ਼ੀ ਪ੍ਰਦਾਨ ਕੀਤੀ ਗਈ | ਇਸ ਮੌਕੇ ਮੈਨੇਜਰ ਤਿ੍ਪਤਰਨ ਸੋਨੀ ਨੇ ਦੱਸਿਆ ਕਿ ਅਮਨਦੀਪ ਕੌਰ ਨੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਧੀਨ ਬੀਮਾ ਕਰਵਾਇਆ ਹੋਇਆ ਸੀ | ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬੀਮੇ ਦਾ ਕਲੇਮ ਮਨਜ਼ੂਰ ਹੋਇਆ ਤੇ ਪਰਿਵਾਰ ਨੂੰ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਮਿਲੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦਾ ਸਾਲਾਨਾ ਪ੍ਰੀਮੀਅਮ ਸਿਰਫ਼ 436 ਰੁਪਏ ਹੈ, ਜਦਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਲਈ ਸਾਲਾਨਾ 20 ਰੁਪਏ ਅਦਾ ਕਰਨੇ ਪੈਂਦੇ ਹਨ | ਘੱਟ ਪ੍ਰੀਮੀਅਮ ਵਾਲੀਆਂ ਇਹ ਯੋਜਨਾਵਾਂ ਆਮ ਲੋਕਾਂ ਲਈ ਬਹੁਤ ਲਾਭਦਾਇਕ ਹਨ | ਬ੍ਰਾਂਚ ਮੈਨੇਜਰ ਅਸ਼ੀਸ਼ ਕੁਮਾਰ ਵਰਮਾ ਨੇ ਕਿਹਾ ਕਿ ਬੀਮਾ ਕਲੇਮ ਦੀ ਪ੍ਰਕਿਰਿਆ ਸਰਲ ਹੈ ਤੇ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਉਣ ਤੋਂ ਬਾਅਦ ਸਮੇਂ ਸਿਰ ਕਲੇਮ ਦਾ ਨਿਪਟਾਰਾ ਕੀਤਾ ਜਾਂਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਆਰਥਿਕ ਸੁਰੱਖਿਆ ਲਈ ਇਨ੍ਹਾਂ ਯੋਜਨਾਵਾਂ ਨਾਲ ਜ਼ਰੂਰ ਜੁੜਨ | ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੀਮਾ ਕਲੇਮ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਈ ਤੇ ਪੂਰੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਪੂਰੀ ਹੋਈ |