ਕੌਹਰੀਆਂ, 16 ਜੂਨ (ਸੁਨੀਲ ਕੁਮਾਰ ਗਰਗ) - ਇੱਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਟੇਡੀਅਮ ਬਣਾ ਰਹੀ ਹੈ ਅਤੇ ਉਨ੍ਹਾਂ ਸਟੇਡੀਅਮ 'ਚ ਲੋੜੀਂਦੇ ਉਪਕਰਨ ਮਸ਼ੀਨਾਂ ਕਿੱਟਾਂ ਆਦਿ ਉਪਲਬਧ ਕਰਵਾ ਰਹੀ ਹੈ | ਪ੍ਰੰਤੂ ਹਲਕਾ ਦਿੜ੍ਹਬਾ ਦੇ ਨੇੜਲੇ ਪਿੰਡ ਸ਼ਾਦੀਹਰੀ ਵਿਖੇ ਅਜਿਹਾ ਨਹੀਂ ਸਗੋਂ ਇਸ ਦੇ ਉਲਟ ਹੋਇਆ | ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ 01 ਕਰੋੜ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਆਧੁਨਿਕ ਖੇਡ ਮੈਦਾਨ ਉਦਘਾਟਨ ਕੀਤਾ ਸੀ ਅਤੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡਣ ਉਪਰੰਤ ਹੀ ਵਾਪਸ ਲੈ ਲਈਆਂ | ਇਸ ਸਬੰਧੀ ਸਟੇਡੀਅਮ 'ਚ ਬੈਠ ਕੇ ਵੀਡੀਓ ਰਾਹੀਂ ਸਤਗੁਰ ਸਿੰਘ ਨੇ ਦੱਸਿਆ ਕਿ ਜਦੋਂ ਸਾਡੇ ਪਿੰਡ ਸ਼ਾਦੀਹਰੀ 'ਚ ਸਟੇਡੀਅਮ ਬਣਿਆ ਸੀ | ਉਸ ਉਪਰੰਤ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪੰਚਾਇਤ ਦੀ ਹਾਜ਼ਰੀ 'ਚ ਨੌਜਵਾਨਾਂ ਨੂੰ ਖੇਡਣ ਲਈ ਕਿੱਟਾਂ ਵੰਡੀਆਂ ਸਨ, ਪ੍ਰੰਤੂ ਉਦੋਂ ਖਿਡਾਰੀਆਂ ਦਾ ਦਿਲ ਟੁੱਟ ਗਿਆ ਜਦੋਂ ਇਹ ਕਿੱਟਾਂ ਸਿਰਫ਼ ਫ਼ੋਟੋਆਂ ਖਿਚਵਾਉਣ ਤੱਕ ਹੀ ਸੀਮਿਤ ਰਹਿ ਗਈਆਂ | ਕਿਉਂਕਿ ਕਿੱਟਾਂ ਵਾਪਸ ਲੈ ਲਈਆਂ ਗਈਆਂ ਸਨ, ਜੋ ਅਜੇ ਤੱਕ ਨਹੀਂ ਮਿਲੀਆਂ | ਉਕਤ ਖਿਡਾਰੀਆਂ ਨੇ ਕਿਹਾ, ਕਿ ਜਦੋਂ ਕਿੱਟਾਂ ਸਿਰਫ਼ ਵਿਖਾਵੇ ਵਾਸਤੇ ਹੀ ਦਿੱਤੀਆਂ ਜਾਂਦੀਆਂ ਹਨ ਫਿਰ ਸ਼ੋਸ਼ੇਬਾਜ਼ੀ ਕਰਨ ਦਾ ਕੀ ਫ਼ਾਇਦਾ | ਸਰਕਾਰ ਖੇਡਾਂ ਅਤੇ ਸਿੱਖਿਆ 'ਤੇ ਅਥਾਹ ਪੈਸਾ ਖ਼ਰਚ ਰਹੀ ਹੈ ਪ੍ਰੰਤੂ ਸਾਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਾਨੂੰ ਕਿੱਟਾਂ ਵਾਪਸ ਦਿੱਤੀਆਂ ਜਾਣ | ਇਸ ਸਬੰਧੀ ਜਦੋਂ ਸਰਪੰਚ ਨਵਰੀਤ ਕੌਰ ਦੇ ਪਤੀ ਜਗਸੀਰ ਸਿੰਘ ਜੱਗਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਖੇਡ ਕਿਟਾਂ ਆਈਆਂ ਸੀ, ਉਹ ਸਟੇਡੀਅਮ 'ਚ ਉਪਲੱਬਧ ਹਨ | ਸ਼ਾਮ ਟਾਈਮ ਖਿਡਾਰੀ ਖੇਡ ਮੈਦਾਨ 'ਚ ਹਰ ਰੋਜ਼ ਖੇਡਦੇ ਹਨ | ਇਨ੍ਹਾਂ ਖਿਡਾਰੀਆਂ ਵਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ | ਇਸ ਮੌਕੇ ਬਘੇਲ ਸਿੰਘ, ਬੱਬੀ ਸਿੰਘ, ਸਤਗੁਰ ਸਿੰਘ, ਕਰਨਵੀਰ ਸਿੰਘ, ਦਿਲਪ੍ਰੀਤ ਸਿੰਘ, ਬੱਬੀ ਸਿੰਘ, ਜੋਤੀ ਸਿੰਘ ਆਦਿ ਖਿਡਾਰੀ ਮੌਜੂਦ ਸਨ |