ਮੂਨਕ, 16 ਜੂਨ (ਪ੍ਰਵੀਨ ਮਦਾਨ, ਕੇਵਲ ਸਿੰਗਲਾ, ਅਸ਼ੋਕ ਗਰਗ) - ਗੌਰਮਿੰਟ ਟੀਚਰਜ਼ ਯੂਨੀਅਨ (ਜੀ.ਟੀ.ਯੂ.) ਅਤੇ ਬੀ.ਐਲ.ਓ. ਯੂਨੀਅਨ ਦੇ ਸਾਂਝੇ ਵਫ਼ਦ ਵਲੋਂ ਇਲਾਕੇ ਦੇ ਅਧਿਆਪਕਾਂ ਅਤੇ ਬੀ.ਐਲ.ਓਜ਼. (ਬੂਥ ਲੈਵਲ ਅਫ਼ਸਰਾਂ) ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਅਤੇ ਮੰਗਾਂ ਦੇ ਹੱਲ ਲਈ ਉਪ-ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਲਹਿਰਾ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ | ਇਹ ਮੀਟਿੰਗ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਦੀ ਅਗਵਾਈ ਹੇਠ ਬੇਹੱਦ ਸਕਾਰਾਤਮਿਕ ਮਾਹੌਲ 'ਚ ਹੋਈ | ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਐਸ.ਡੀ.ਐਮ. ਦੇ ਧਿਆਨ 'ਚ ਲਿਆਂਦਾ ਕਿ ਅਧਿਆਪਕ ਵਰਗ ਹਮੇਸ਼ਾ ਪ੍ਰਸ਼ਾਸਨਿਕ ਅਤੇ ਚੋਣ ਕਾਰਜਾਂ 'ਚ ਮੋਹਰੀ ਹੋ ਕੇ ਡਿਊਟੀ ਨਿਭਾਉਂਦਾ ਹੈ, ਪ੍ਰੰਤੂ ਬੀ.ਐਲ.ਓ. ਦੀਆਂ ਫਲੱਡ ਡਿਊਟੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਤੋਂ ਛੋਟ ਦੇਣ ਬਾਰੇ ਗੱਲ ਕੀਤੀ ਗਈ ਅਤੇ ਇਹ ਡਿਊਟੀਆਂ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਅਨੁਪਾਤਕ ਤਰੀਕੇ ਨਾਲ ਲਗਾਈਆਂ ਜਾਣ | ਐਸ.ਡੀ.ਐਮ. ਲਹਿਰਾ ਵੱਲੋਂ ਤਹਿਸੀਲਦਾਰ ਮੂਨਕ ਨੂੰ ਮੌਕੇ 'ਤੇ ਫ਼ੋਨ ਕਰਕੇ ਫਲੱਡ ਦੀਆਂ ਡਿਊਟੀਜ਼ ਕੱਟਣ ਦੇ ਆਦੇਸ਼ ਜਾਰੀ ਕੀਤੇ ਗਏ | ਇਸ ਮੌਕੇ ਕਰਨੈਲ ਮੂਨਕ, ਅਮਨਦੀਪ ਪਾਪੜਾ, ਸ਼ੀਤਲ ਕੁਮਾਰ, ਸਚਿਨ ਕੁਮਾਰ, ਸੁਰਿੰਦਰ ਮੂਨਕ, ਚਤਵੰਤ ਸਿੰਘ, ਸੁਨੀਲ ਕੁਮਾਰ, ਵਿਨੋਦ ਕੁਮਾਰ ਅਤੇ ਹੋਰ ਸਾਥੀ ਹਾਜ਼ਰ ਸਨ |