ਸੁਨਾਮ ਊਧਮ ਸਿੰਘ ਵਾਲਾ, 16 ਜੂਨ (ਰੁਪਿੰਦਰ ਸਿੰਘ ਸੱਗੂ) - ਅੱਜ ਸਥਾਨਕ ਇੱਕ ਨਿੱਜੀ ਹੋਟਲ ਵਿਖੇ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਵਲੋਂ ਸ਼ਹਿਰ 'ਚੋਂ ਜਿੱਤ ਪ੍ਰਾਪਤ ਕਰਨ ਵਾਲੇ ਸਾਰੇ 23 ਕੌਂਸਲਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲਰਾਂ ਨੂੰ ਸਨਮਾਨਿਤ ਕਰਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਵਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਚੁਣੇ ਗਏ ਕੌਂਸਲਰਾਂ ਨੂੰ ਬੁਲਾ ਕੇ ਇੱਕ ਗੁਲਦਸਤੇ ਵਾਂਗ ਇਕੱਠੇ ਕਰਨ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਅਤੇ ਹੋਰ ਮੈਂਬਰਾਂ ਦਾ ਕੀਤਾ ਗਿਆ, ਉਪਰਾਲਾ ਸ਼ਲਾਘਾਯੋਗ ਹੈ | ਉਨ੍ਹਾਂ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਲੋਕਾਂ 'ਚ ਜਾਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਵਾਉਣ | ਇਸ ਮੌਕੇ ਉਨ੍ਹਾਂ ਸੀਤਾਸਰ ਵਿਵਾਦ ਨੂੰ ਸੁਲਝਾਉਣ ਦੀ ਗੱਲ ਕਰਦਿਆਂ ਕਿਹਾ ਕਿ ਜਿਨ੍ਹਾਂ ਕੁੱਝ ਵਿਅਕਤੀਆਂ ਵਲੋਂ ਸਟੇਅ ਲਈ ਗਈ ਹੈ | ਉਹ ਸਟੇਅ ਵਾਪਸ ਲੈਣ ਅਤੇ ਮਿਲਜੁਲ ਕੇ ਇੱਕ ਅਜਿਹਾ ਸਥਾਨ ਕਾਇਮ ਕਰੀਏ, ਜਿੱਥੇ ਦੂਰ ਦੂਰ ਤੋਂ ਲੋਕ ਆ ਕੇ ਮੱਥਾ ਟੇਕਣ | ਉਨ੍ਹਾਂ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਦੇ ਵਿਸਥਾਰ ਨੂੰ ਵੀ ਜਲਦੀ ਕਰਵਾਉਣ ਦੀ ਗੱਲ ਕਹੀ ਅਤੇ ਸ਼ਹੀਦ ਊਧਮ ਸਿੰਘ ਮਿਊਜ਼ੀਅਮ ਵਿਖੇ ਠੇਕੇਦਾਰ ਵੱਲੋਂ ਕੰਮ ਨਾ ਚਲਾਏ ਜਾਣ 'ਤੇ ਉਸ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਕੇ ਉਸ ਨੂੰ ਬਲੈਕ ਲਿਸਟ ਕਰਨ ਦੀ ਗੱਲ ਕਹੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਕੇਹਰ ਸਿੰਘ ਜੋਸ਼ਨ, ਜਤਿੰਦਰਪਾਲ ਸਿੰਘ ਬੌਬੀ, ਯਾਦਵਿੰਦਰ ਸਿੰਘ ਨਿਰਮਾਣ, ਮਨਪ੍ਰੀਤ ਬਾਂਸਲ, ਆਸ਼ਾ ਬਜਾਜ, ਵਰੂਣ ਮਧਾਨ, ਸੋਨੂੰ ਵਰਮਾ, ਸਾਹਿਬ ਸਿੰਘ ਤੋਂ ਇਲਾਵਾ ਸਾਰੇ ਕੌਂਸਲਰ ਅਤੇ ਕਮੇਟੀ ਮੈਂਬਰ ਹਾਜ਼ਰ ਸਨ |