ਲਹਿਰਾਗਾਗਾ, 16 ਜੂਨ (ਅਸ਼ੋਕ ਗਰਗ)- ਇੰਡੇਨ ਗੈਸ ਏਜੰਸੀ ਮਾਲਕਾਂ ਵਲੋਂ ਖਪਤਕਾਰਾਂ ਨੂੰ ਸਿਲੰਡਰ ਦਿੰਦੇ ਸਮੇਂ 200 ਰੁਪਏ ਦੇ ਕਰੀਬ ਕੀਮਤ ਵਾਲੀ ਗੈਸ ਪਾਈਪ ਵੀ ਜ਼ਬਰਦਸਤੀ ਦਿੱਤੀ ਜਾ ਰਹੀ ਹੈ, ਜਦਕਿ ਬਹੁਤ ਸਾਰੇ ਖਪਤਕਾਰਾਂ ਨੂੰ ਨਵੀਂ ਪਾਈਪ ਦੀ ਕੋਈ ਲੋੜ ਨਹੀਂ ਹੈ | ਖਪਤਕਾਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਪਾਈਪ ਲੈਣ ਤੋਂ ਇਨਕਾਰ ਕਰਦੇ ਹਨ ਤਾਂ ਏਜੰਸੀ ਕਰਮਚਾਰੀਆਂ ਵਲੋਂ ਇਹ ਕਿਹਾ ਜਾਂਦਾ ਹੈ ਕਿ Tਉੱਪਰੋਂ ਹਦਾਇਤਾਂ ਹਨU ਅਤੇ ਪਾਈਪ ਲੈਣੀ ਲਾਜ਼ਮੀ ਹੈ | ਇਸ ਕਾਰਨ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ | ਖਪਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਮੌਜੂਦਾ ਪਾਈਪ ਸੁਰੱਖਿਅਤ ਅਤੇ ਵਰਤਣਯੋਗ ਹੈ ਤਾਂ ਫਿਰ ਵਾਰ ਨਵੀਂ ਪਾਈਪ ਖ਼ਰੀਦਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ? ਉਨ੍ਹਾਂ ਮੰਗ ਕੀਤੀ ਕਿ ਗੈਸ ਕੰਪਨੀਆਂ ਅਤੇ ਸੰਬੰਧਿਤ ਵਿਭਾਗ ਇਸ ਮਾਮਲੇ ਦੀ ਜਾਂਚ ਕਰਨ ਅਤੇ ਸਪੱਸ਼ਟ ਕਰਨ ਕਿ ਕੀ ਪਾਈਪ ਖ਼ਰੀਦਣਾ ਲਾਜ਼ਮੀ ਹੈ ਜਾਂ ਨਹੀਂ | ਲੋਕਾਂ ਦਾ ਕਹਿਣਾ ਹੈ ਕਿ ਜੇ ਕਿਸੇ ਸੁਰੱਖਿਆ ਮਾਪਦੰਡ ਤਹਿਤ ਪਾਈਪ ਬਦਲਣ ਦੀ ਲੋੜ ਹੈ ਤਾਂ ਖਪਤਕਾਰ ਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣੀ ਬਣਦੀ ਹੈ | ਇਸ ਤੋਂ ਇਲਾਵਾ ਗੈਸ ਏਜੰਸੀ ਦੇ ਮਾਲਕਾਂ ਵਲੋਂ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਡਿਲਿਵਰੀ ਦੇਣ ਸਮੇਂ ਖੁੱਲੇ੍ਹ ਪੈਸਿਆਂ ਦੇ ਨਾਂ 'ਤੇ ਕਥਿਤ ਤੌਰ 'ਤੇ ਵਾਧੂ ਰਕਮ ਲੈਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਲੋਕਾਂ ਦਾ ਦੋਸ਼ ਹੈ ਕਿ ਜਿੱਥੇ ਘਰੇਲੂ ਗੈਸ ਸਿਲੰਡਰ ਦੀ ਨਿਰਧਾਰਿਤ ਕੀਮਤ 963 ਰੁਪਏ ਹੈ, ਪਰ ਗੈਸ ਏਜੰਸੀ ਮਾਲਕਾਂ ਵਲੋਂ 970 ਰੁਪਏ ਵਸੂਲੇ ਜਾ ਰਹੇ ਹਨ | ਜਦੋਂ ਇਸ ਮਸਲੇ ਨੂੰ ਲੈ ਕੇ ਏਰੀਆ ਮੈਨੇਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ | ਦੂਸਰੇ ਪਾਸੇ ਗੈਸ ਏਜੰਸੀ ਦੇ ਮਾਲਕ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਗੈਸ ਸਿਲੰਡਰ ਰੈਗੂਲੇਟਰ ਉੱਪਰ ਲੱਗਦੀ ਪਾਈਪ ਨੂੰ ਹਰ ਪੰਜ ਸਾਲ ਬਾਅਦ ਬਦਲਣਾ ਜ਼ਰੂਰੀ ਹੈ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਰਹਿੰਦਾ ਹੈ | ਪ੍ਰਤੀ ਸਿਲੰਡਰ ਵੱਧ ਪੈਸੇ ਵਸੂਲਣ ਦੇ ਮਾਮਲੇ 'ਤੇ ਮਾਲਕਾਂ ਦਾ ਕਹਿਣਾ ਹੈ ਕਿ ਪੈਸੇ ਖੁੱਲੇ੍ਹ ਨਾ ਹੋਣ ਕਾਰਨ ਅਸੀਂ 970 ਹੀ ਲੈਂਦੇ ਹਾਂ | ਜੇਕਰ ਖਪਤਕਾਰ ਖੁੱਲੇ੍ਹ ਪੈਸੇ ਦਿੰਦੇ ਹਨ ਤਾਂ ਅਸੀਂ ਪੂਰੇ ਹੀ ਵਸੂਲਦੇ ਹਾਂ | ਖਪਤਕਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੈਸ ਕੰਪਨੀਆਂ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਖਪਤਕਾਰਾਂ ਨਾਲ ਰਾਬਤਾ ਕਾਇਮ ਨਾ ਰੱਖਣ ਵਾਲੇ ਏਰੀਆ ਮੈਨੇਜਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |