ਮਾਲੇਰਕੋਟਲਾ, 16 ਜੂਨ (ਮਨਜਿੰਦਰ ਸਿੰਘ ਸਰੌਦ) - ਪੰਜਾਬ ਅੰਦਰ ਸੂਬਾ ਸਰਕਾਰ ਬੀਤੇ ਸਮੇਂ ਤੋਂ ਪੰਜਾਬ ਦੇ ਕਿਸਾਨ ਨੂੰ ਫ਼ਸਲੀ ਵਿਭਿੰਨਤਾ ਦੇ ਰਾਹੀਂ ਕਣਕ-ਝੋਨੇ ਦੇ ਫ਼ਸਲੀ ਚੱਕਰ 'ਚੋਂ ਕੱਢਣ ਦੇ ਲਈ ਕਰੋੜਾਂ ਰੁਪਏ ਖ਼ਰਚ ਕਰ ਕੇ ਇਸ ਦਾ ਠੋਸ ਹੱਲ ਕੱਢਣ ਦੇ ਲਈ ਯਤਨਸ਼ੀਲ ਹੈ | ਖੇਤੀਬਾੜੀ ਵਿਭਾਗ ਵਲੋਂ ਵੀ ਪਿੰਡਾਂ ਅੰਦਰ ਕੈਂਪ ਲਗਾ ਕੇ ਕਿਸਾਨਾਂ ਨੂੰ ਸਹੀ ਜਾਣਕਾਰੀ ਦੇਣ ਦੇ ਮਕਸਦ ਤਹਿਤ ਕੰਮ ਕੀਤਾ ਜਾ ਰਿਹਾ ਹੈ ਪਰ ਉਸ ਦੇ ਕੋਈ ਖ਼ਾਸ ਨਤੀਜੇ ਸਾਹਮਣੇ ਨਹੀਂ ਆ ਸਕੇ | ਖੇਤੀ ਚਿੰਤਕਾਂ ਅਨੁਸਾਰ ਜੇਕਰ ਪੰਜਾਬ ਦਾ ਕਿਸਾਨ ਭਾਈਚਾਰਾ ਫ਼ਸਲੀ ਵਿਭਿੰਨਤਾ ਨੂੰ ਤਰਜ਼ੀਹ ਦੇ ਦੇਵੇ ਤਾਂ ਕੱਦੂ ਕਰ ਕੇ ਝੋਨਾ ਲਗਾਉਣ ਤੋਂ ਇਲਾਵਾ ਪਰਾਲੀ ਦਾ ਮਸਲਾ ਵੱਡੀ ਹੱਦ ਤੱਕ ਆਪਣੇ ਆਪ ਹੱਲ ਹੋ ਸਕਦਾ ਹੈ | ਪਰੰਤੂ ਇਸ ਵਰਤਾਰੇ ਦਾ ਇੱਕ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਬਹੁਤ ਸਾਰੇ ਅਗਾਂਹਵਧੂ ਸਿਰੜੀ ਤੇ ਦਿ੍ੜ ਇਰਾਦੇ ਦੇ ਮਾਲਕ ਕਿਸਾਨਾਂ ਵੱਲੋਂ ਆਪਣੇ ਆਪ ਵੀ ਫ਼ਸਲੀ ਵਿਭਿੰਨਤਾ ਨੂੰ ਤਰਜ਼ੀਹ ਦਿੰਦਿਆਂ ਆਪਣੇ ਖੇਤਾਂ ਅੰਦਰ ਰਵਾਇਤੀ ਖੇਤੀ ਦੀ ਬਜਾਏ, ਬਦਲਵੇਂ ਢੰਗ ਨਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ | ਉਨ੍ਹਾਂ ਕਿਸਾਨਾਂ ਦੀ ਕਰੀਬ 30 ਦਿਨ ਪਹਿਲਾਂ ਦੀ ਸਖ਼ਤ ਮਿਹਨਤ ਨੂੰ ਬੂਰ ਪੈਣ ਦੀ ਆਸ ਬੱਝੀ ਹੈ | ਇਸ ਤੋਂ ਪਹਿਲਾਂ ਸਿਆਲ ਦੇ ਸੀਜ਼ਨ ਸਮੇਂ ਵੀ ਇਨ੍ਹਾਂ ਕਿਸਾਨਾਂ ਵਲੋਂ ਸਰੋਂ, ਮੱਕੀ ਜਾਂ ਹੋਰ ਬਦਲਵੀਂਆਂ ਫ਼ਸਲਾਂ ਬੀਜਣ ਨੂੰ ਤਰਜ਼ੀਹ ਦਿੱਤੀ ਸੀ | ਇਨ੍ਹਾਂ ਕਿਸਾਨਾਂ ਵਲੋਂ ਆਪਣਾ ਪੱਲਾ ਖ਼ਰਚ ਕੇ ਮਹਿੰਗੇ ਮੁੱਲ ਦੇ ਬੀਜ ਪ੍ਰਾਪਤ ਕਰਦਿਆਂ ਇੱਕ ਤਰ੍ਹਾਂ ਨਾਲ ਜੂਆ ਖੇਡ ਕੇ ਬਦਲਵੀਂਆਂ ਫ਼ਸਲਾਂ ਦੀ ਬਿਜਾਈ ਕਰਦਿਆਂ ਲੱਖਾਂ ਰੁਪਏ ਦਾ ਰਿਸਕ ਲਿਆ ਹੈ | ਜਦਕਿ ਕਿ ਖੇਤੀਬਾੜੀ ਵਿਭਾਗ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਇਨ੍ਹਾਂ ਕਿਸਾਨਾਂ ਦੇ ਕੋਲ ਨਹੀਂ ਪਹੁੰਚਿਆ | ਇੱਥੇ ਇਹ ਵੀ ਦੱਸਣਯੋਗ ਹੈ ਅਜਿਹੇ ਕਿਸਾਨਾਂ ਦੀ ਗਿਣਤੀ ਸੂਬੇ ਦੇ ਅੰਦਰ ਬਹੁਤ ਘੱਟ ਹੈ, ਜਿਹੜੇ ਆਪਣੇ ਖ਼ੁਦ ਦੇ ਰਹਿਮੋ-ਕਰਮ 'ਤੇ ਰਿਸਕ ਲੈ ਕੇ ਫ਼ਸਲੀ ਵਿਭਿੰਨਤਾ ਅਪਣਾ ਰਹੇ ਹਨ | ਸਵਾਲ ਤਾਂ ਇਹ ਵੀ ਹੈ ਖੇਤੀਬਾੜੀ ਵਿਭਾਗ ਵਲੋਂ ਸੈਂਕੜੇ ਕੈਂਪ ਲਗਾਉਣ ਦੇ ਬਾਵਜੂਦ ਅਜੇ ਤੱਕ ਇਹ ਗਿਣਤੀ ਕਿਸੇ ਖ਼ਾਸ ਮਰਤਬੇ ਤੱਕ ਕਿਉਂ ਨਹੀਂ ਪਹੁੰਚ ਸਕੀ | ਸੂਬੇ ਅੰਦਰ ਬਦਲਵੀਂ ਖੇਤੀ ਦੀ ਪਹਿਲਕਦਮੀ ਕਰਦਿਆਂ ਜਿਹੜੇ ਕਿਸਾਨਾਂ ਪ੍ਰਧਾਨ ਪਰਨਜੀਤ ਸਿੰਘ ਰੰਗੀ ਤੇ ਕੁਲਦੀਪ ਸਿੰਘ ਨੀਟਾ ਨੇ ਆਪਣੇ ਖੇਤਾਂ ਅੰਦਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ | ਉਨ੍ਹਾਂ ਅੰਦਰ ਇਸ ਗੱਲ ਦੀ ਖ਼ੁਸ਼ੀ ਜ਼ਰੂਰ ਹੈ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਅੰਦਰ ਹੁਣ ਝੋਨਾ ਹਰੇਵਾਈ ਮਾਰਨ ਲੱਗਿਆ ਹੈ | ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਆਪਣੀ ਜੇਬ ਵਿਚੋਂ ਪੈਸਾ ਖ਼ਰਚ ਕਰ ਕੇ ਰਿਸਕ ਲੈਂਦਿਆਂ ਫ਼ਸਲੀ ਵਿਭਿੰਨਤਾ ਨੂੰ ਅਪਣਾਇਆ ਹੈ, ਇਸ ਲਈ ਚੰਗਾ ਹੋਵੇ ਜੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਮੁੜੇ | ਪੰਜਾਬ ਅੰਦਰ ਹਰ ਵਰ੍ਹੇ ਝੋਨੇ ਦੀ ਪਰਾਲੀ ਦਾ ਮੁੱਦਾ ਸੂਬਾ ਸਰਕਾਰ ਤੇ ਖੇਤੀਬਾੜੀ ਵਿਭਾਗ ਦੇ ਗਲੇ ਦੀ ਹੱਡੀ ਬਣ ਜਾਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਜਿਹੜੇ ਕਿਸਾਨ ਆਪਣੇ ਆਪ ਫ਼ਸਲੀ ਵਿਭਿੰਨਤਾ ਨੂੰ ਤਰਜ਼ੀਹ ਦੇ ਰਹੇ ਹਨ, ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਪਰਾਲੀ ਦਾ ਅਹਿਮ ਮੁੱਦਾ ਵੀ ਹੱਲ ਹੋ ਸਕੇ | ਕਿਸਾਨ ਆਗੂਆਂ ਐਮ.ਡੀ. ਜਥੇਦਾਰ ਹਰਬੰਸ ਸਿੰਘ ਚੌਂਦਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ, ਅਗਾਂਹਵਧੂ ਕਿਸਾਨ ਪਰਨਜੀਤ ਸਿੰਘ ਤੇ ਹਰੀਪਾਲ ਸਿੰਘ ਰੰਗੀ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਵਾਇਤੀ ਖੇਤੀ ਤੋਂ ਹਟ ਕੇ ਬਦਲਵੇਂ ਢੰਗ ਨਾਲ ਫ਼ਸਲਾਂ ਬੀਜਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਦੀ ਮਦਦ ਕਰੇ |