03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਪ੍ਰੇਸ਼ਾਨ

ਅਜੀਤ ਡੈਸਕ 28-06-2026
ਸ਼ੇਰਪੁਰ, 27 ਜੂਨ (ਦਰਸ਼ਨ ਸਿੰਘ ਖੇੜੀ) ਨਹਿਰੀ ਪਾਣੀ ਅਤੇ ਖੇਤਾਂ ਵਾਲੀ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਤੋਂ ਪ੍ਰੇਸ਼ਾਨ ਪਿੰਡ ਖੇੜੀ ਕਲਾਂ ਅਤੇ ਗੋਬਿੰਦਪੁਰਾ ਦੇ ਕਿਸਾਨਾਂ ਵੱਲੋਂ ਬਿਜਲੀ ਗਰਿੱਡ ਕਾਤਰੋਂ ਵਿਖੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ। ਪੜਿਤ ਕਿਸਾਨ ਪੁਸ਼ਪਿੰਦਰ ਸਿੰਘ ਗੋਬਿੰਦਪੁਰਾ, ਕੁਲਦੀਪ ਸਿੰਘ ਖੇੜੀ ਕਲਾਂ ਅਤੇ ਸੁਖਪਾਲ ਸਿੰਘ ਖੇੜੀ ਕਲਾਂ ਨੇ ਕਿਹਾ ਕਿ ਬਿਜਲੀ ਵਿਭਾਗ ਵਲੋਂ ਖੇਤੀਬਾੜੀ ਫੀਡਰ ਗਰੁੱਪ ਏ ਉੱਪਰ ਬੇਲੋੜੇ ਕਈ-ਕਈ ਘੰਟਿਆਂ ਦੇ ਕੱਟ ਲਗਾਏ ਜਾ ਰਹੇ ਹਨ । ਜਦੋਂ ਕੁਝ ਸਮੇਂ ਲਈ ਬਿਜਲੀ ਸਪਲਾਈ ਆਉਂਦੀ ਵੀ ਹੈ ਤਾਂ ਵੋਲਟੇਜ ਘੱਟ ਹੋਣ ਕਾਰਨ ਵੀ ਮੋਟਰਾਂ ਚੱਲਣ ਵਿੱਚ ਦਿੱਕਤ ਆਉਂਦੀ ਹੈ। ਜਿਸ ਕਰਕੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਆਪਣੀ ਝੋਨੇ ਦੀ ਫਸਲ ਨੂੰ ਪਾਣੀ ਲਗਾਉਣਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਦੂਜੇ ਪਾਸੇ ਨਹਿਰੀ ਵਿਭਾਗ ਵੱਲੋਂ ਇਨ੍ਹਾਂ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਵਾਲੀ ਕੱਸੀ ਵਿੱਚ ਵੀ ਪਾਣੀ ਨਹੀ ਛੱਡਿਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਾਗਜ਼ਾਂ ’ਚ ਵਿਭਾਗ ਵਲੋਂ ਪਾਣੀ ਛੱਡਿਆ ਦਿਖਾਇਆ ਜਾ ਰਿਹਾ ਹੈ ਜਦਕਿ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਦੀ ਇੱਕ ਬੂੰਦ ਵੀ ਅਜੇ ਤੱਕ ਨਹੀਂ ਆਈ ਹੈ। ਕਿਸਾਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਕਿਸਾਨਾਂ ਲਈ ਵਧੀਆ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਉਪਲੱਬਧ ਕਰਵਾਉਣ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ ਉਹ ਖੋਖਲੇ ਸਾਬਿਤ ਹੋਏ ਹਨ। ਕਿਸਾਨਾਂ ਨੇ ਕਿਹਾ ਕਿ ਜ਼ੇਕਰ ਪੂਰੀ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਉਪਲੱਬਧਤਾ ਨਹੀ ਕਰਵਾਈ ਜਾਂਦੀ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪੰਚ ਯਾਦਵਿੰਦਰ ਸਿੰਘ ਅੱਤਰੀ, ਅਮਨਦੀਪ ਸਿੰਘ ਅੱਤਰੀ, ਪੰਚ ਗਗਨਦੀਪ ਸਿੰਘ ਅੱਤਰੀ, ਕਿਸਾਨ ਆਗੂ ਹਰਬੰਸ ਸਿੰਘ, ਬਲਵਿੰਦਰ ਸਿੰਘ, ਜਿੰਦਰ ਸਿੰਘ, ਗੋਗੀ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ ।
ਕੀ ਕਹਿਣਾ ਪਾਵਰਕੌਮ ਵਿਭਾਗ ਦਾ-
ਪੀ.ਐਸ.ਪੀ.ਸੀ.ਐਲ ਦੇ ਐਸ.ਡੀ.ਓ ਸ਼ੇਰਪੁਰ-1 ਮਨਪ੍ਰੀਤ ਸਿੰਘ ਨੇ ਕਿਹਾ ਕਿ ਪਾਵਰਕੱਟ ਆਉਣ ਕਰਕੇ ਬਿਜਲੀ ਸਪਲਾਈ ਵਿੱਚ ਦਿੱਕਤ ਆ ਰਹੀ ਹੈ। ਇਸ ਬਾਰੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਇੱਕ ਦੋ ਦਿਨਾਂ ਦੇ ਵਿੱਚ ਮਾਨਸੂਨ ਵੀ ਦਸਤਕ ਦੇਣ ਵਾਲਾ ਹੈ ਤੇ ਬਿਜਲੀ ਸਪਲਾਈ ਦੀ ਸਮੱਸਿਆ ਵੀ ਜਲਦ ਹੀ ਹੱਲ ਹੋ ਜਾਵੇਗੀ । ਨਹਿਰੀ ਵਿਭਾਗ ਦੇ ਐਕਸੀਅਨ ਹਰਸ਼ਾਂਤ ਕੁਮਾਰ ਨੇ ਕਿਹਾ ਕਿ ਉਹ ਨਹਿਰੀ ਪਾਣੀ ਨਾ ਆਉਣ ਸਬੰਧੀ ਚੈੱਕ ਕਰਵਾਉਣਗੇ ਤੇ ਕੱਸੀ ਵਿੱਚ ਜਲਦ ਹੀ ਪਾਣੀ ਪੁੱਜਦਾ ਹੋ ਜਾਵੇਗਾ।
ਪਿਛਲੀ ਖ਼ਬਰ 2027 ਦੀਆਂ ਚੋਣਾਂ ’ਚ ‘ਆਪ’ ਮੁੜ ਰਚੇਗੀ ਇਤਿਹਾਸ-ਡਾ. ਮਿੰਕੂ ਜਵੰਧਾ ਅਗਲੀ ਖ਼ਬਰ ਗੁਰਮਤਿ ਗਿਆਨ , ਦੁਮਾਲਾ ਅਤੇ ਦਸਤਾਰ ਸਿਖਲਾਈ ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।