22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਬਿਜਲੀ ਦੀ ਮਾੜੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਗਰਿੱਡ ਅੱਗੇ ਲਾਇਆ ਧਰਨਾ

ਅਜੀਤ ਡੈਸਕ 29-06-2026
ਸ਼ੇਰਪੁਰ, 29 ਜੂਨ (ਮੇਘ ਰਾਜ ਜੋਸ਼ੀ) – ਬਿਜਲੀ ਦੀ ਮਾੜੀ ਸਪਲਾਈ ਅਤੇ ਨਹਿਰੀ ਪਾਣੀ ਦੀ ਘਾਟ ਤੋਂ ਨਾਰਾਜ਼ ਫਤਿਹਗੜ੍ਹ ਪੰਜਗਰਾਈਆਂ ਅਤੇ ਬਧੇਸ਼ਾ ਦੇ ਕਿਸਾਨਾਂ ਨੇ ਗੁਰਬਖਸ਼ਪੁਰਾ (ਗੰਡੇਵਾਲ) ਬਿਜਲੀ ਗਰਿੱਡ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਖੇਤੀ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਹਕੀਕਤ ਵਿੱਚ ਉਨ੍ਹਾਂ ਨੂੰ ਸਿਰਫ਼ ਤਿੰਨ-ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਬਿਜਲੀ ਦੀ ਭਾਰੀ ਕਮੀ ਹੈ ਅਤੇ ਦੂਜੇ ਪਾਸੇ ਨਹਿਰੀ ਪਾਣੀ ਵੀ ਸਮੇਂ ਸਿਰ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਕੱਸੀਆਂ ਸੁੱਕੀਆਂ ਪਈਆਂ ਹਨ ਅਤੇ ਕਈ ਪਿੰਡਾਂ ਨੂੰ ਅਜੇ ਤੱਕ ਨਹਿਰੀ ਪਾਣੀ ਨਹੀਂ ਮਿਲਿਆ, ਜਿਸ ਕਾਰਨ ਕਿਸਾਨ ਡੀਜ਼ਲ ਅਤੇ ਮਹਿੰਗੇ ਸਾਧਨਾਂ ਨਾਲ ਸਿੰਚਾਈ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਬਿਜਲੀ ਅਤੇ ਨਹਿਰੀ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਨੇ ਧਰਨੇ ਦੌਰਾਨ ਸੂਬਾ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਅਤੇ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਖੇਤੀ ਲਈ ਨਿਰਵਿਘਨ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਯਕੀਨੀ ਉਪਲਬਧਤਾ ਕਰਵਾਈ ਜਾਵੇ। ਇਸ ਮੌਕੇ ਕਿਸਾਨ ਕੁਲਦੀਪ ਸਿੰਘ ਕੀਪਾ ਫਤਿਹਗੜ੍ਹ ਪੰਜਗਰਾਈਆ, ਕਿਸਾਨ ਆਗੂ ਚੰਦ ਸਿੰਘ ਪੰਜਗਰਾਈਆਂ, ਅਮਰਜੀਤ ਸਿੰਘ, ਨਿਰਮਲ ਸਿੰਘ, ਧਰਮਿੰਦਰ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ, ਜਗਦੇਵ ਸਿੰਘ ਬਧੇਸ਼ਾ, ਅਜੀਤਪਾਲ ਸਿੰਘ ਫਤਿਹਗੜ ਪੰਜਗਰਾਈਆਂ, ਤੀਰਥ ਸਿੰਘ, ਮੇਵਾ ਸਿੰਘ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਮੌਜੂਦ ਸਨ। ਇਸ ਸਬੰਧੀ ਪਾਵਰਕਾਮ ਦੇ ਐਸ.ਡੀ.ਓ. ਗੁਲਸਨਦੀਪ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਖੇਤੀਬਾੜੀ ਫੀਡਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਵਰਕੱਟਾਂ ਕਾਰਨ ਖੇਤਾਂ ਵਾਲੇ ਫੀਡਰਾਂ ’ਤੇ ਕੁਝ ਸਮੇਂ ਲਈ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਪਰ ਜਿਵੇਂ ਹੀ ਸਿਸਟਮ ਆਮ ਹੁੰਦਾ ਹੈ, ਤੁਰੰਤ ਬਿਜਲੀ ਸਪਲਾਈ ਮੁੜ ਬਹਾਲ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਕਿਸਾਨਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ, ਇਸ ਲਈ ਲਗਾਤਾਰ ਯਤਨ ਕਰ ਰਿਹਾ ਹੈ।
ਪਿਛਲੀ ਖ਼ਬਰ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਨ ਲੋਕਾਂ ਨੇ ਰੋਸ ਧਰਨਾ ਦਿੱਤਾ ਅਗਲੀ ਖ਼ਬਰ ਖੇਤਾਂ ਦੀ ਬਿਜਲੀ ਸਪਲਾਈ ਦੇ ਕੱਟਾਂ ਤੋਂ ਕਿਸਾਨਾਂ ’ਚ ਹਾਹਾਕਾਰ, ਝੋਨੇ ਸੁੱਕਣ ਲੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।