ਜਲਾਲਾਬਾਦ, 14 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਈ. ਟੀ. ਟੀ. 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ | ਜਿਸ 'ਚ ਜਸਵਿੰਦਰ ਕੰਬੋਜ, ਸਰਬਜੀਤ ਪਿੰਡੀ, ਕੁਲਵਿੰਦਰ ਸਾਮਾ, ਅਰਸ਼ ਬੱਲੂਆਣਾ, ਹਰਪ੍ਰੀਤ ਸਿੰਘ, ਅਲਕਾ ਫ਼ਾਜ਼ਿਲਕਾ, ਸੁਰਿੰਦਰ ਫ਼ਾਜ਼ਿਲਕਾ, ਰਿਤੇਸ਼ ਅਬੋਹਰ, ਮੁਕੇਸ਼ ਅਬੋਹਰ ਆਦਿ ਮੌਜੂਦ ਸਨ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਾਡੀ ਭਰਤੀ 5994 ਜੋਕਿ 2022 ਵਿਚ ਆਈ ਸੀ, ਜਿਸ ਨੂੰ ਪੂਰਾ ਕਰਵਾਉਣ ਦੇ ਲਈ 4 ਸਾਲ ਤੋਂ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹਾਂ ਪਰ ਕੋਈ ਸਾਰਥਿਕ ਹੱਲ ਨਹੀਂ ਨਿਕਲ ਰਿਹਾ ਹੈ, ਜਿਸ ਦੇ ਰੋਸ ਵਜੋਂ ਯੂਨੀਅਨ ਵਲੋਂ ਸਿੱਖਿਆ ਮੰਤਰੀ ਪੰਜਾਬ ਸਰਕਾਰ ਦੇ ਪਿੰਡ ਗੰਭੀਰਪੁਰ ਵਿਖੇ 11 ਫਰਵਰੀ ਨੂੰ ਧਰਨਾ ਰੱਖਿਆ ਗਿਆ ਸੀ, ਜਿਸ 'ਤੇ ਪ੍ਰਸ਼ਾਸਨ ਵਲੋਂ ਯੂਨੀਅਨ ਨੂੰ ੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦਿੱਤੀ ਗਈ ਹੈ | ਇਸ ਲਈ ਯੂਨੀਅਨ ਵਲੋਂ 14 ਫਰਵਰੀ 2026 ਦੇ ਧਰਨੇ ਨੂੰ ਮੁਲਤਵੀ ਕੀਤਾ ਗਿਆ ਹੈ ਅਤੇ ਅੱਜ ਇਥੇ 5994 ਭਰਤੀ ਨੂੰ ਪੂਰਾ ਕਰਾਉਣ ਦੇ ਸੰਬੰਧ 'ਚ ਬੇਰੁਜ਼ਗਾਰ ਅਧਿਆਪਕਾਂ ਵਲੋਂ ਮੀਟਿੰਗ ਰੱਖੀ ਗਈ ਹੈ, ਜਿਸ 'ਚ ਵੱਡੀ ਗਿਣਤੀ ਵਿਚ ਕੇਡਰ ਪਹੁੰਚਿਆ ਹੈ ਅਤੇ ਕੇਡਰ ਵਲੋਂ ਹਾਂ ਪੱਖੀ ਹੁੰਗਾਰਾ ਭਰਿਆ ਗਿਆ ਹੈ ਕਿ 17 ਫਰਵਰੀ 2026 ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਹੈ, ਜਿਸ ਵਿਚ ਜੇਕਰ 5994 ਭਰਤੀ ਵਿਚਲਾ ਜੋ ਬੈਕਲਾਗ ਹੈ ਜਾਂ ਬਾਕੀ ਰਹਿੰਦੀ ਜੋ ਭਰਤੀ ਹੈ ਉਸ ਦਾ ਕੋਈ ਪੁਖ਼ਤਾ ਹੱਲ ਨਾ ਕੀਤਾ ਗਿਆ ਤਾਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ (ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ) ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ | ਇਹ ਸੰਘਰਸ਼ ਤਿੱਖੇ ਰੂਪ ਵਿਚ ਕੀਤਾ ਜਾਵੇਗਾ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਾਨੂੰ ਨਿਯੁਕਤੀ ਪੱਤਰ ਦੇ ਕੇ ਜਲਦੀ ਸਕੂਲਾਂ 'ਚ ਭੇਜਿਆ ਜਾਵੇ | ਈ. ਟੀ. ਟੀ. 5994 ਭਰਤੀ ਵਿਚਲਾ ਜੋ 2994 ਬੈਕਲਾਗ ਹੈ ਉਸ ਨੂੰ ਜਲਦੀ ਪੂਰਾ ਕੀਤਾ ਜਾਵੇ, ਜੇ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ 17 ਫਰਵਰੀ 2026 ਦੀ ਪੈਨਲ ਮੀਟਿੰਗ ਤੋਂ ਬਾਅਦ ਯੂਨੀਅਨ ਵਲੋਂ ਮਜਬੂਰਨ ਪੱਕਾ ਧਰਨਾ ਲਗਾਇਆ ਜਾਵੇਗਾ |