ਜਲਾਲਾਬਾਦ, 14 ਫ਼ਰਵਰੀ (ਕਰਨ ਚੁਚਰਾ)-ਜਲਾਲਾਬਾਦ ਦਾ ਬਹੁਮੰਤਵੀ ਖੇਡ ਸਟੇਡੀਅਮ ਕਰੋੜਾਂ ਦੀ ਲਾਗਤ ਨਾਲ ਅਕਾਲੀ ਸਰਕਾਰ ਸਮੇਂ ਬਣਾਇਆ ਗਿਆ | ਖੇਡ ਸਟੇਡੀਅਮ ਕਿਸੇ ਸਮੇਂ ਨਮੂਨੇ ਦੇ ਖੇਡ ਮੈਦਾਨਾਂ 'ਚੋਂ ਇਕ ਸੀ, ਪਰ ਸਮੇਂ ਅਤੇ ਹਲਾਤਾਂ ਤੇ ਸਰਕਾਰਾਂ ਦੀਆਂ ਬੇਰੁਖ਼ੀਆਂ ਨੇ ਅੱਜ ਉਸ ਨੂੰ ਆਪਣੀ ਹਾਲਤ 'ਤੇ ਅੱਥਰੂ ਵਹਾਉਣ ਲਈ ਮਜਬੂਰ ਕਰ ਦਿੱਤਾ ਹੈ | ਜਲਾਲਾਬਾਦ ਦਾ ਖੇਡ ਸਟੇਡੀਅਮ ਨੌਜਵਾਨਾਂ ਨਾਲ ਕਿਸ ਤਰ੍ਹਾਂ ਭਰੇਗਾ, ਜੇਕਰ ਉਥੇ ਬੁਨਿਆਦੀ ਸਹੂਲਤਾਂ ਹੀ ਨਾ ਹੋਣ | ਜਲਾਲਾਬਾਦ ਦੇ ਖੇਡ ਮੈਦਾਨ ਦੀ ਜੇਕਰ ਗੱਲ ਕਰੀਏ ਤਾਂ ਮਾੜੇ ਸਿਸਟਮ ਦੀ ਭੇਟ ਚੜ੍ਹ ਚੁੱਕਿਆ ਹੈ | ਖ਼ਾਮੀਆਂ ਦੀ ਗਿਣਤੀ ਇਤਨੀ ਜ਼ਿਆਦਾ ਹੈ ਕਿ ਗਿਣਾਈਆਂ ਜਾਣ ਤਾਂ ਬਹੁਤ ਸਮਾਂ ਲੱਗ ਜਾਵੇਗਾ | ਸਫ਼ਾਈ ਪੱਖੋਂ ਖੇਡ ਸਟੇਡੀਅਮ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਆਲ਼ੇ ਦੁਆਲੇ ਗੰਦਗੀ ਦੇ ਢੇਰ ਤੇ ਉੱਗੇ ਘਾਹ ਬੂਟੇ ਸੱਪਾਂ ਦਾ ਘਰ ਬਣ ਗਏ ਹਨ | ਟਰੈਕ ਦੀ ਹਾਲਤ ਤਰਸਯੋਗ ਹੈ | ਬੈਠਣ ਲਈ ਬਣੀਆਂ ਸੀਟਾਂ ਦੇ ਪੱਥਰ ਤੱਕ ਉੱਤਰ ਚੁੱਕੇ ਹਨ | ਹੋਰ ਤਾਂ ਹੋਰ ਬੁਨਿਆਦੀ ਸਹੂਲਤ ਪਾਣੀ ਦੀ ਸਭ ਤੋਂ ਵੱਡੀ ਘਾਟ ਹੈ | ਇਸ ਥਾਂ 'ਤੇ ਲੱਗੀ ਪਾਣੀ ਦੀ ਕੁਝ ਸਮੇਂ ਤੋਂ ਖ਼ਰਾਬ ਪਈ ਹੈ | ਪਾਣੀ ਦੀ ਉੱਕਾ ਹੀ ਵਿਵਸਥਾ ਨਹੀਂ ਹੈ | ਇਸੇ ਤਰ੍ਹਾਂ ਜੇਕਰ ਗਰਾੳਾੂਡ 'ਚ ਲੱਗੇ ਘਾਹ ਦੀ ਗੱਲ ਕਰੀਏ ਤਾਂ ਪਾਣੀ ਖੁਣੋਂ ਸੁੱਕ ਕੇ ਤੀਲਾ ਤੀਲਾ ਹੋ ਚੁੱਕਿਆ ਹੈ | ਮੈਦਾਨ ਵਿਚ ਖੱਡੇ ਪਏ ਹਨ | ਇਸੇ ਤਰ੍ਹਾਂ ਬਹੁਮੰਤਵੀ ਖੇਡ ਸਟੇਡੀਅਮ ਵਿਚ ਬਣੇ ਪਖਾਨਿਆਂ ਦੀ ਹਾਲਤ ਬਿਆਨ ਕੀਤੀ ਹੀ ਨਹੀਂ ਜਾ ਸਕਦੀ | ਗੰਦਗੀ ਨਾਲ ਨੱਕੋਂ ਨੱਕ ਭਰੇ ਪਖਾਨੇ ਇਸ ਸਮੇਂ ਨਸ਼ੇੜੀਆਂ ਦੀ ਲੁਕਣਗਾਹ ਬਣ ਚੁੱਕੇ ਹਨ | ਇਸ ਥਾਂ 'ਤੇ ਨਸ਼ੇੜੀ ਆਣ ਕੇ ਟੀਕੇ ਆਦਿ ਲਗਾਉਂਦੇ ਹਨ, ਜਿਸ ਦੀਆਂ ਸਰਿੰਜਾਂ ਆਮ ਹੀ ਮਿਲ ਜਾਂਦੀਆਂ ਹਨ | ਇਲਾਕੇ ਦੇ ਸਮਾਜ ਸੇਵੀ ਆਗੂ ਤੇ ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਕੰਬੋਜ ਨੇ ਖੇਡ ਮੈਦਾਨ ਦੀ ਹਾਲਤ 'ਤੇ ਆਪਣੀ ਪ੍ਰਤੀਕਿਰਿਆ ਜਾਰੀ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਵਿਚੋਂ ਨਿਕਲ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਨੌਜਵਾਨਾਂ ਕਿਸ ਤਰ੍ਹਾਂ ਨਾਲ ਖੇਡਾਂ ਵੱਲ ਜਾਣ ਜੇਕਰ ਉਨ੍ਹਾਂ ਕੋਲ ਬੁਨਿਆਦੀ ਸਹੂਲਤਾਂ ਹੀ ਨਾ ਹੋਣ | ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹੋਰਨਾਂ ਸਹੂਲਤਾਂ ਤਾਂ ਕੀ ਦੇਣੀਆਂ ਸਰਕਾਰ ਨੇ ਅੱਗੇ ਵਾਲੀਆਂ ਹੀ ਸਾਂਭ ਲਈਆਂ ਜਾਂਦੀਆਂ ਤਾਂ ਸ਼ਾਇਦ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਿਆ ਜਾ ਸਕਦਾ ਸੀ | ਉਨ੍ਹਾਂ ਕਿਹਾ ਕਿ ਜੇਕਰ ਇਸ ਖੇਡ ਸਟੇਡੀਅਮ 'ਚ ਬੁਨਿਆਦੀ ਸਹੂਲਤਾਂ ਹੋਣ ਤਾਂ ਮੈ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੁੜ ਇਸ ਖੇਡ ਸਟੇਡੀਅਮ ਨੂੰ ਰੰਗ ਭਾਗ ਲੱਗ ਸਕਦੇ ਹਨ | ਉਨ੍ਹਾਂ ਸਥਾਨਕ ਪ੍ਰਸ਼ਾਸਨ ਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੋਂ ਮੰਗ ਕੀਤੀ ਹੈ ਕਿ ਉਹ ਇਕ ਵਾਰ ਖ਼ੁਦ ਆਣ ਕੇ ਸਟੇਡੀਅਮ ਦੀ ਹਾਲਤ ਦੇਖਣ |