ਜ਼ੀਰਾ/ਖੋਸਾ ਦਲ ਸਿੰਘ, 15 ਫਰਵਰੀ (ਰਜਨੀਸ਼ ਕਥੂਰੀਆ/ਮਨਪ੍ਰੀਤ ਸਿੰਘ ਸੰਧੂ)-ਪਿਛਲੇ ਕੁਝ ਸਮੇਂ ਤੋਂ ਤਹਿਸੀਲ ਜ਼ੀਰਾ ਦੇ ਲਗਪਗ 20 ਪਿੰਡਾਂ ਦੀ ਕਣਕ, ਸਬਜ਼ੀਆਂ ਤੇ ਹੋਰ ਫਸਲਾਂ ਦੇ ਨੀਲ ਗਊਆਂ ਵਲੋਂ ਕੀਤੇ ਜਾ ਰਹੇ ਉਜਾੜੇ ਨੇ ਪੀੜਤ ਕਿਸਾਨਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਇਸ ਸੰਬੰਧੀ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਸੂਬਾ ਕਾਰਜਕਾਰੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਗੁਰਪ੍ਰੀਤ ਸਿੰਘ ਪ੍ਰਧਾਨ ਇਕਾਈ ਝੀਤੇ, ਸ਼ਿਵਚਰਨ ਸਿੰਘ ਇਕਾਈ ਪ੍ਰਧਾਨ ਕੋਠੇ ਅੰਬਰਹਰ, ਮਨਦੀਪ ਸਿੰਘ ਅਲੀਪੁਰ, ਦਲਵਿੰਦਰ ਸਿੰਘ ਗੋਸ਼ਾ ਸਾਬਕਾ ਸਰਪੰਚ ਮਰੂੜ, ਨੰਬਰਦਾਰ ਸਰਦੂਲ ਸਿੰਘ ਸਾਬਕਾ ਸਰਪੰਚ ਮਰਖਾਈ ਆਦਿ ਕਿਸਾਨਾਂ ਨੇ ਦੱਸਿਆ ਕਿ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਕੁਦਰਤੀ ਕਰੋਪੀਆਂ ਕਾਰਨ ਕਿਸਾਨੀ ਦਾ ਧੰਦਾ ਪਹਿਲਾਂ ਹੀ ਲਾਹੇਵੰਦ ਨਹੀਂ ਰਿਹਾ ਅਤੇ ਹੁਣ ਤਾਂ ਜੰਗਲੀ ਜੀਵ ਵੀ ਉਨ੍ਹਾਂ ਦੀਆਂ ਫਸਲਾਂ ਦੇ ਦੁਸ਼ਮਣ ਬਣ ਗਏ ਹਨ | ਕਿਸਾਨ ਆਗੂਆਂ ਨੇ ਦੱਸਿਆ ਕਿ ਨੀਲ ਗਊਆਂ ਦੇ ਕੁਝ ਜੋੜੇ ਜੋ ਕੁਝ ਸਮਾਂ ਪਹਿਲਾਂ ਕਿਸੇ ਬਰਡ ਸੈਂਚੁਰੀ 'ਚੋਂ ਕਿਸੇ ਤਰ੍ਹਾਂ ਉਨ੍ਹਾਂ ਦੇ ਖੇਤਾਂ 'ਚ ਪਹੁੰਚ ਗਏ ਸਨ | ਉਨ੍ਹਾਂ ਦੀ ਫ਼ਸਲ ਖ਼ਰਾਬ ਕਰ ਰਹੇ ਸਨ, ਜਿਨ੍ਹਾਂ ਦੀ ਗਿਣਤੀ ਘੱਟ ਹੋਣ ਕਰਕੇ ਅਸੀਂ ਕੋਈ ਬਹੁਤਾ ਧਿਆਨ ਨਹੀਂ ਦਿੱਤਾ, ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 50 ਦੇ ਕਰੀਬ ਪਹੁੰਚ ਚੁੱਕੀ ਅਤੇ ਇਨ੍ਹਾਂ ਨੇ ਇਕ ਵੱਡੇ ਝੁੰਡ ਦਾ ਰੂਪ ਧਾਰਨ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੀਲ ਗਊਆਂ ਦਾ ਝੁੰਡ ਜਿਹੜੇ ਵੀ ਕਿਸਾਨਾਂ ਦੇ ਖੇਤਾਂ 'ਚੋਂ ਲੰਘਦਾ ਹੈ | ਉਨ੍ਹਾਂ ਦੀ ਕਣਕ ਦੀ ਫ਼ਸਲ ਜਾਂ ਹੋਰ ਸਬਜ਼ੀਆਂ ਚੱਟ ਕਰ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਵਿਚ ਪਿੰਡ ਮੀਹਾਂ ਸਿੰਘ ਵਾਲਾ, ਕੱਚਰਭੰਨ, ਅਲੀਪੁਰ, ਵਲਟੋਹਾ, ਭਾਗੋ ਕੇ, ਚੂਚਕਵਿੰਡ, ਬੂੜੇਵਾਲਾ, ਬੋੜਾਂਵਾਲੀ, ਕੋਠੇ ਅੰਬਰਹਰ, ਕੋਹਾਲਾ, ਝੀਤੇ ਤੇ ਧੱਲੇ ਕੇ ਸਮੇਤ 20 ਦੇ ਕਰੀਬ ਪਿੰਡ ਸ਼ਾਮਿਲ ਹਨ | ਕਿਸਾਨ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਨੀਲ ਗਊਆਂ ਵਲੋਂ ਫ਼ਸਲ ਬਰਬਾਦ ਕਰਨ ਕਰਕੇ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ | ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਗੁਰਪ੍ਰੀਤ ਸਿੰਘ, ਸ਼ਿਵਚਰਨ ਸਿੰਘ, ਮਨਦੀਪ ਸਿੰਘ ਅਲੀਪੁਰ, ਰਤਨ ਸਿੰਘ ਨੰਬਰਦਾਰ ਚੂਚਕਵਿੰਡ, ਚਾਨਣ ਸਿੰਘ ਸਰਪੰਚ ਚੂਚਕਵਿੰਡ, ਜਸਵਿੰਦਰ ਸਿੰਘ ਨੰਬਰਦਾਰ ਚੂਚਕਵਿੰਡ, ਕੁਲਦੀਪ ਸਿੰਘ ਝੀਤੇ, ਸਤਨਾਮ ਸਿੰਘ ਸਰਪੰਚ ਝੀਤੇ, ਮਲਕੀਤ ਸਿੰਘ ਅਲੀਪੁਰ,ਅੰਗਰੇਜ਼ ਸਿੰਘ ਅਲੀਪੁਰ, ਮਨਦੀਪ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਵਲਟੋਹਾ, ਗੁਰਤੇਜ ਸਿੰਘ ਸਰਪੰਚ ਵਲਟੋਹਾ, ਲਖਵਿੰਦਰ ਸਿੰਘ ਸੁਪਰ ਵਲਟੋਹਾ, ਕੁਲਵੰਤ ਸਿੰਘ ਨੰਬਰਦਾਰ ਧੱਲੇ ਕੇ, ਬਲਜੀਤ ਸਿੰਘ ਸਰਪੰਚ ਕੋਠੇ ਅੰਬਰਹਰ,ਬਲਜੀਤ ਸਿੰਘ ਸਾਬਕਾ ਸਰਪੰਚ ਬੋੜਾਂਵਾਲੀ, ਸੁਖਚੈਨ ਸਿੰਘ ਬੱਲਾ ਸਰਪੰਚ ਕੋਹਾਲਾ, ਕੁਲਦੀਪ ਸਿੰਘ ਬੋੜਾਂਵਾਲੀ, ਭੁਪਿੰਦਰ ਸਿੰਘ ਖੋਸਾ,ਰਾਜਾ ਖੋਸਾ, ਵਕੀਲ ਪਾਲ ਸਿੰਘ ਮਰੂੜ, ਦਲਵਿੰਦਰ ਸਿੰਘ ਗੋਸ਼ਾ ਤੇ ਬਲਜੀਤ ਸਿੰਘ ਲਹੁਕੇ ਖ਼ੁਰਦ ਆਦਿ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਬਰਡ ਸੈਂਚਰੀ ਹਰੀਕੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਹੋਣ ਤੋਂ ਬਚ ਸਕੇ |