ਫਿਰੋਜ਼ਪੁਰ, 19 ਫਰਵਰੀ(ਰਾਕੇਸ਼ ਚਾਵਲਾ)-ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਯਾਤਰੀਆਂ ਦੀ ਵਧਦੀ ਭੀੜ ਨੂੰ ਘਟਾਉਣ ਅਤੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਰੇਲਵੇ ਵਲੋਂ ਅੰਮਿ੍ਤਸਰ-ਕਟਿਹਾਰ-ਅੰਮਿ੍ਤਸਰ ਵਿਚਾਲੇ ਰਾਖਵੀਂਆਂ 'ਤਿਉਹਾਰ ਸਪੈਸ਼ਲ' ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਣਜ ਮੈਨੇਜਰ, ਫਿਰੋਜ਼ਪੁਰ ਮੰਡਲ ਨੇ ਦੱਸਿਆ ਕਿ ਟਰੇਨ ਨੰਬਰ 05735/05736 ਅੰਮਿ੍ਤਸਰ-ਕਟਿਹਾਰ-ਅੰਮਿ੍ਤਸਰ ਸਪੈਸ਼ਲ ਇਹ ਟਰੇਨ 27 ਫਰਵਰੀ 2026 ਤੋਂ 27 ਮਾਰਚ 2026 ਤੱਕ ਹਰ ਸ਼ੁੱਕਰਵਾਰ ਨੂੰ ਚੱਲੇਗੀ | ਇਹ ਅੰਮਿ੍ਤਸਰ ਤੋਂ ਦੁਪਹਿਰ 13.25 ਵਜੇ ਰਵਾਨਾ ਹੋਵੇਗੀ ਅਤੇ ਲਗਭਗ 34 ਘੰਟਿਆਂ ਦਾ ਸਫ਼ਰ ਤੈਅ ਕਰਕੇ ਅਗਲੇ ਦਿਨ ਰਾਤ 23.45 ਵਜੇ ਕਟਿਹਾਰ ਪਹੁੰਚੇਗੀ | ਕਟਿਹਾਰ ਤੋਂ ਅੰਮਿ੍ਤਸਰ (05736) ਇਹ ਟਰੇਨ 25 ਫਰਵਰੀ 2026 ਤੋਂ 25 ਮਾਰਚ 2026 ਤੱਕ ਹਰ ਬੁੱਧਵਾਰ ਨੂੰ ਚੱਲੇਗੀ | ਇਹ ਕਟਿਹਾਰ ਤੋਂ ਰਾਤ 21ਵਜੇ ਚੱਲੇਗੀ ਅਤੇ ਲਗਭਗ 36 ਘੰਟਿਆਂ ਬਾਅਦ ਸਵੇਰੇ 9.45 ਵਜੇ ਅੰਮਿ੍ਤਸਰ ਪਹੁੰਚੇਗੀ | ਇਹ ਵਿਸ਼ੇਸ਼ ਰੇਲ ਗੱਡੀ ਦੋਵਾਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਰਾਜਪੁਰਾ, ਅੰਬਾਲਾ ਕੈਂਟ, ਸਹਾਰਨਪੁਰ, ਰੁੜਕੀ, ਲਕਸਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਕਪਤਾਨਗੰਜ, ਨਰਕਟੀਆਗੰਜ, ਰਕਸੌਲ, ਸੀਤਾਮੜੀ, ਸ਼ਿਸ਼ੋ, ਸਕਰੀ, ਝੰਝਾਰਪੁਰ, ਨਿਰਮਲੀ, ਸਰਾਏਗੜ੍ਹ, ਰਾਘੋਪੁਰ, ਲਲਿਤਗ੍ਰਾਮ, ਫਾਰਬਿਸਗੰਜ, ਅਰਰੀਆ ਕੋਰਟ ਅਤੇ ਪੂਰਨੀਆ 'ਤੇ ਰੁਕੇਗੀ | ਰੇਲਵੇ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦਾ ਲਾਭ ਉਠਾਉਣ ਅਤੇ ਆਪਣੀ ਯਾਤਰਾ ਨੂੰ ਸੁਖਾਲਾ ਬਣਾਉਣ |