ਫ਼ਿਰੋਜ਼ਪੁਰ, 28 ਫਰਵਰੀ (ਗੁਰਿੰਦਰ ਸਿੰਘ)-ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਹੈਲਥ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਫ਼ਿਰੋਜ਼ਪੁਰ 'ਚ ਫੇਫੜਿਆਂ ਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ਼ ਲਈ ਇਕ ਉੱਨਤ ਪਲਮੋਨੋਲੋਜੀ ਕੇਂਦਰ ਦੀ ਸ਼ੁਰੂਆਤ ਕੀਤੀ ਹੈ | ਇਹ ਕੇਂਦਰ ਸਾਹ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ, ਇਲਾਜ ਤੇ ਗੰਭੀਰ ਮਰੀਜ਼ਾਂ ਦੀ ਸੰਭਾਲ ਲਈ ਸਮਰਪਿਤ ਹੈ | ਕੇਂਦਰ ਦੀ ਅਗਵਾਈ ਸੀਨੀਅਰ ਪਲਮੋਨੋਲੋਜੀ ਤੇ ਕਰੀਟਿਕਲ ਕੇਅਰ ਮਾਹਿਰ ਡਾ. ਚੇਤਨ ਕੁਮਾਰ ਕਰ ਰਹੇ ਹਨ | ਡਾ. ਚੇਤਨ ਕੁਮਾਰ ਨੇ ਦੱਸਿਆ ਕਿ ਕੇਂਦਰ ਦਾ ਮੁੱਖ ਉਦੇਸ਼ ਸਾਹ ਸੰਬੰਧੀ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਵਿਸ਼ੇਸ਼ ਤੇ ਵਿਅਕਤੀਗਤ ਇਲਾਜ ਮੁਹੱਈਆ ਕਰਵਾਉਣਾ ਹੈ, ਤਾਂ ਜੋ ਹਰ ਮਰੀਜ਼ ਦੀ ਸਥਿਤੀ ਅਨੁਸਾਰ ਇਲਾਜ ਦੀ ਯੋਜਨਾ ਤਿਆਰ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸ ਪਲਮੋਨੋਲੋਜੀ ਸੈਂਟਰ 'ਚ ਪਲਿਊਰਲ ਬਿਮਾਰੀਆਂ, ਨਿਊਮੋਥੋਰੈਕਸ, ਨਮੂਨੀਆ, ਸੀ. ਓ. ਪੀ. ਡੀ., ਦਮਾ, ਏ. ਆਰ. ਡੀ. ਐਸ., ਐਲਰਜੀ ਅਤੇ ਆਈ. ਐਲ. ਡੀ. ਸਮੇਤ ਕਈ ਹੋਰ ਫੇਫੜਿਆਂ ਨਾਲ ਸੰਬੰਧਿਤ ਰੋਗਾਂ ਦਾ ਇਲਾਜ਼ ਉਪਲਬਧ ਹੈ | ਮਰੀਜ਼ਾਂ ਦੀ ਵਿਸਥਾਰਪੂਰਵਕ ਜਾਂਚ ਲਈ ਬ੍ਰੋਂਕੋਸਕੋਪੀ ਵਰਗੀ ਆਧੁਨਿਕ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ | ਅਤਿ-ਆਧੁਨਿਕ ਉਪਕਰਨਾਂ ਤੇ ਤਜਰਬੇਕਾਰ ਡਾਕਟਰਾਂ ਦੀ ਟੀਮ ਰਾਹੀਂ ਇਥੇ ਉੱਚ ਦਰਜੇ ਦੀ ਇਲਾਜ ਸੇਵਾ ਦਿੱਤੀ ਜਾ ਰਹੀ ਹੈ | ਹਸਪਤਾਲ ਪ੍ਰਬੰਧਕਾਂ ਅਨੁਸਾਰ ਇਸ ਪਹਿਲ ਨਾਲ ਖੇਤਰ ਦੇ ਲੋਕਾਂ ਨੂੰ ਗੁਣਵੱਤਾ ਵਾਲੀਆਂ ਤੇ ਸੌਖੀਆਂ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ | ਅਮਨਦੀਪ ਗਰੁੱਪ ਇਸ ਸਮੇਂ 750 ਤੋਂ ਵੱਧ ਬਿਸਤਰਿਆਂ ਅਤੇ 170 ਤੋਂ ਵੱਧ ਮਾਹਿਰ ਡਾਕਟਰਾਂ ਨਾਲ ਅੰਮਿ੍ਤਸਰ, ਪਠਾਨਕੋਟ, ਫ਼ਿਰੋਜ਼ਪੁਰ, ਸ੍ਰੀਨਗਰ ਤੇ ਤਰਨਤਾਰਨ ਸਮੇਤ ਕਈ ਸ਼ਹਿਰਾਂ 'ਚ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਹੁਣ ਤੱਕ 25 ਲੱਖ ਤੋਂ ਵੱਧ ਮਰੀਜ਼ਾਂ ਨੂੰ ਇਲਾਜ ਦੇ ਕੇ ਭਰੋਸਾ ਜਿੱਤ ਚੁੱਕਾ ਹੈ |