ਫ਼ਿਰੋਜ਼ਪੁਰ, 28 ਫਰਵਰੀ (ਗੁਰਿੰਦਰ ਸਿੰਘ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਦੇ ਵਿਦਿਆਰਥੀਆਂ ਦਾ ਇਤਿਹਾਸਕ ਸ਼ਹਿਰ ਜੈਪੁਰ ਲਈ ਆਯੋਜਿਤ ਹਵਾਈ ਵਿੱਦਿਅਕ ਟੂਰ ਸਫਲਤਾਪੂਰਵਕ ਸਮਾਪਤ ਹੋਣ ਉਪਰੰਤ ਵਿਦਿਆਰਥੀ ਸੁਰੱਖਿਅਤ ਤੌਰ 'ਤੇ ਸਕੂਲ ਵਾਪਸ ਪਹੁੰਚ ਗਏ | ਵਿਦਿਆਰਥੀਆਂ ਦੀ ਵਾਪਸੀ ਮੌਕੇ ਆਯੋਜਿਤ ਇਕ ਸੰਖੇਪ ਸਮਾਗਮ 'ਚ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਲਾਭਕਾਰੀ ਹੁੰਦੇ ਹਨ ਅਤੇ ਉਨ੍ਹਾਂ 'ਚ ਆਤਮਵਿਸ਼ਵਾਸ ਤੇ ਸਮਾਜਿਕ ਸਮਝ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਡੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਮਿਆਰੀ ਸਿੱਖਿਆ ਉਪਲਬਧ ਕਰਵਾਉਣ ਲਈ ਵਚਨਬੱਧ ਹੈ | ਵਿਦਿਆਰਥੀਆਂ ਨੇ ਵਿਧਾਇਕ ਤੇ ਹੋਰਾਂ ਨਾਲ ਆਪਣੇ ਇਸ ਵਿੱਦਿਅਕ ਟੂਰ ਦੇ ਅਨੁਭਵ ਸਾਂਝੇ ਕੀਤੇ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਦਾ ਪਿ੍ੰਸੀਪਲ, ਸਮੂਹ ਸਟਾਫ਼ ਤੇ ਮਾਪਿਆਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਵਿਧਾਇਕ ਭੁੱਲਰ ਨੇ ਕਿਹਾ ਕਿ ਇਸ ਵਿੱਦਿਅਕ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਤਿਹਾਸਕ ਵਿਰਾਸਤ, ਸਭਿਆਚਾਰਕ ਧਰੋਹਰ ਅਤੇ ਆਧੁਨਿਕ ਵਿਕਾਸ ਬਾਰੇ ਜਾਣੂ ਕਰਵਾਉਣਾ ਸੀ | ਦੌਰੇ ਦੌਰਾਨ ਵਿਦਿਆਰਥੀਆਂ ਨੇ ਜੈਪੁਰ ਦੇ ਪ੍ਰਸਿੱਧ ਇਤਿਹਾਸਕ ਸਥਾਨਾਂ ਦਾ ਦਰਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਪ੍ਰਗਟ ਸਿੰਘ ਬਰਾੜ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਅਧਿਆਪਕ ਮੋਨਿਕਾ ਕਟਾਰੀਆ, ਰਾਜਬੀਰ ਸਿੰਘ, ਗੁਰਵਿੰਦਰ ਸਿੰਘ ਤੇ ਗੀਤਾ ਜ਼ੁਲਕਾ ਵਿਦਿਆਰਥੀਆਂ ਦੇ ਨਾਲ ਸਨ | ਵਿਦਿਆਰਥੀਆਂ ਦੀ ਸੁਰੱਖਿਆ ਤੇ ਸੁਵਿਧਾਵਾਂ ਦਾ ਪੂਰਾ ਧਿਆਨ ਰੱਖਿਆ | ਇਹ ਟੂਰ ਵਿਦਿਆਰਥੀਆਂ ਲਈ ਯਾਦਗਾਰ ਤੇ ਪ੍ਰੇਰਣਾਦਾਇਕ ਸਾਬਤ ਹੋਇਆ | ਇਸ ਮੌਕੇ ਰਾਜ ਬਹਾਦਰ ਸਿੰਘ, ਅਮਰਿੰਦਰ ਸਿੰਘ ਬਰਾੜ, ਗੁਰਭੇਜ ਸਿੰਘ ਸਮੇਤ ਹੋਰ ਪਤਵੰਤੇ, ਸਕੂਲ ਦਾ ਸਟਾਫ਼ ਤੇ ਵਿਦਿਆਰਥੀਆਂ ਦੇ ਮਾਪੇ ਆਦਿ ਹਾਜ਼ਰ ਸਨ |