ਫ਼ਿਰੋਜ਼ਪੁਰ, 30 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਅਹਿਮ ਬੈਠਕ ਨਰਿੰਦਰ ਸ਼ਰਮਾ, ਰਾਮ ਪ੍ਰਸ਼ਾਦ ਅਤੇ ਸਤਨਾਮ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਬਲਾਕ ਪ੍ਰਧਾਨ ਰਮੇਸ਼ ਕੁਮਾਰ ਨੇ ਦੱਸਿਆ ਕਿ ਬਲਾਕ ਵਿਚ ਸਾਨੂੰ ਡਿਊਟੀਆਂ ਸਬੰਧੀ ਬਹੁਤ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੀਮਾਂ ਅਧੀਨ ਸਾਡੇ ਵਿਭਾਗ ਤੋਂ ਕੰਪਿਊਟਰ ਆਪਰੇਟਰ ਜਾਂ ਕਲੈਰੀਕਲ ਕਾਮੇ ਮੰਗੇ ਜਾਂਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਡਿਊਟੀਆਂ ਦੂਰ ਦੁਰੇਡੇ ਲਗਾਈਆਂ ਜਾਂਦੀਆਂ ਹਨ, ਜਦਕਿ ਡੇਂਗੂ ਬੁਖ਼ਾਰ ਨੂੰ ਰੋਕਣ ਲਈ ਮਲਟੀਪਰਪਜ਼ ਹੈਲਥ ਵਰਕਰ ਪਹਿਲਾ ਤੋਂ ਆਪਣੇ ਆਪਣੇ ਏਰੀਏ ਵਿਚ ਵੱਡੀ ਪੱਧਰ ਤੇ ਲੋਕਾਂ ਨੂੰ ਸਿਹਤ ਸਿੱਖਿਆ ਦੇ ਕੇ ਡੇਂਗੂ ਵਰਗੀ ਭਿਆਨਕ ਬਿਮਾਰੀ ਨੂੰ ਰੋਕਣ ਵਿਚ ਰੁੱਝਿਆ ਹੋਇਆ ਹੈ | ਅੱਗੇ ਦੱਸਿਆ ਕਿ ਦੂਸਰੇ ਪਾਸੇ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਤੇ ਡਿਊਟੀ ਲਗਾਈ ਜਾ ਰਹੀ ਹੈ | ਆਗੂ ਨੇ ਦੱਸਿਆ ਕਿ ਇਹ ਡਿਊਟੀ ਸਿਰਫ਼ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਥੀਆਂ ਦੀ ਹੀ ਲਗਾਈ ਜਾ ਰਹੀ ਹੈ | ਮੀਟਿੰਗ ਵਿਚ ਹਾਜ਼ਰ ਪੈੱ੍ਰਸ ਸਕੱਤਰ ਰਮਨਦੀਪ ਸਿੰਘ ਨੇ ਦੱਸਿਆ ਗਿਆ ਕਿ ਮਲਟੀਪਰਪਜ਼ ਹੈਲਥ ਵਰਕਰ ਪਾਣੀ ਦੇ ਸੈਂਪਲਾਂ ਦੌਰਾਨ ਆਪਣੀ ਜੇਬਾਂ ਵਿਚੋਂ ਵੱਡੇ ਪੱਧਰ ਤੇ ਕਰਾਇਆ ਖ਼ਰਚ ਕੇ ਪਾਣੀ ਦੇ ਸੈਂਪਲ ਮੇਨ ਲੈਬ ਖਰੜ ਪਹੁੰਚਾ ਰਹੇ ਹਨ, ਜਦਕਿ ਪੰਜਾਬ ਸਰਕਾਰ ਵਲੋਂ ਪਾਣੀ ਦੀ ਸੈਂਪਲ ਲਿਜਾਉਣ ਲਈ ਸਬੰਧਿਤ ਮੁਲਾਜ਼ਮ ਨੂੰ ਟੀ.ਏ ਡੀ.ਏ ਦਿੱਤਾ ਜਾਂਦਾ ਸੀ | ਆਖੀਰ ਵਿਚ ਜਥੇਬੰਦੀ ਦੇ ਸੀਨੀਅਰ ਆਗੂ ਨਰਿੰਦਰ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਸਿਵਲ ਸਰਜਨ ਫ਼ਿਰੋਜ਼ਪੁਰ ਨਾਲ ਗੱਲਬਾਤ ਕਰਕੇ ਇਹ ਡਿਊਟੀਆਂ ਜ਼ਰੂਰ ਕਟਵਾਈਆਂ ਜਾਣਗੀਆਂ ਅਤੇ ਜੋ ਮੁਸ਼ਕਲਾਂ ਬਲਾਕ ਪੱਧਰ ਤੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਆ ਰਹੀਆਂ ਹਨ ਉਨ੍ਹਾਂ ਦਾ ਵੀ ਜਲਦੀ ਹੱਲ ਕੀਤਾ ਜਾਵੇਗਾ | ਇਸ ਵਿਚ ਹੋਰਨਾਂ ਤੋਂ ਇਲਾਵਾ ਜਥੇਬੰਦੀਆਂ ਦੇ ਚੇਅਰਮੈਨ ਲਖਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਨੱਢਾ, ਮੀਤ ਪ੍ਰਧਾਨ ਸੁਖਦੇਵ ਸਿੰਘ, ਕੈਸ਼ੀਅਰ ਕੁਲਵਿੰਦਰ ਸਿੰਘ, ਸਕੱਤਰ ਗੁਰਪ੍ਰੀਤ ਸਿੰਘ, ਉਪ ਸਕੱਤਰ ਗੁਰਸੇਵਕ ਸਿੰਘ, ਜਗਸੀਰ ਸਿੰਘ, ਅਰਵਿੰਦਰ ਸਿੰਘ, ਕਸ਼ਮੀਰ ਸਿੰਘ, ਦੀਪ ਸਿੰਘ, ਸਰਬਜੀਤ ਸਿੰਘ, ਜਸਵੰਤ ਸਿੰਘ, ਕੁਲਵਿੰਦਰ ਸਿੰਘ ਤੇ ਸਤਨਾਮ ਸਿੰਘ ਆਦਿ ਮੀਟਿੰਗ ਦੌਰਾਨ ਹਾਜ਼ਰ ਸਨ |