ਫ਼ਿਰੋਜ਼ਪੁਰ, 30 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕਮੇਟੀ ਦੇ ਗੁਰਮੀਤ ਸਿੰਘ ਘੋੜੇਚੱਕ ਮੈਂਬਰ ਪੰਜਾਬ ਦੀ ਅਗਵਾਈ ਵਿਚ ਡੀ.ਸੀ. ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਕਿ ਸਾਡੀਆਂ ਜ਼ਮੀਨ ਭਾਰਤ-ਪਾਕਿ ਬਾਰਡਰ ਨਾਲ ਲੱਗਦੀਆਂ ਹਨ ਜੋ ਕਿ ਵੰਡ ਤੋਂ ਬਾਅਦ ਸਾਡੇ ਕਿਸਾਨਾਂ ਵਲੋਂ ਇਹ ਜ਼ਮੀਨ ਆਪਣੀ ਪੱਧਰ ਤੇ ਉਪਜਾਊ ਬਣਾਈ ਹੈ ਅਤੇ ਉਸ ਸਮੇਂ ਤੋਂ ਇਨ੍ਹਾਂ ਜ਼ਮੀਨਾਂ ਤੇ ਕਾਬਜ਼ ਹਨ | ਉਨ੍ਹਾਂ ਆਖਿਆ ਕਿ ਉਹ ਫ਼ਸਲਾਂ ਦੀ ਕਾਸ਼ਤ ਕਰਦੇ ਆ ਰਹੇ ਹਨ | ਇਨ੍ਹਾਂ ਕਾਸ਼ਤਕਾਰ ਕਿਸਾਨਾਂ ਦੇ ਨਾਮ 'ਤੇ ਇੰਤਕਾਲ, ਗਿਰਦਾਵਰੀ ਹੋ ਚੁੱਕੀਆਂ ਸਨ, ਪਰ ਸਾਲ 2007 ਪਾਲਿਸੀ ਤਹਿਤ ਕਾਸ਼ਤਕਾਰ ਕਿਸਾਨਾਂ ਦੇ ਨਾਮ ਤੋਂ ਇੰਤਕਾਲ ਤੋੜ ਦਿੱਤੇ ਗਏ ਸਨ | ਗੁਰਮੀਤ ਸਿੰਘ ਘੋੜੇਚੱਕ ਨੇ ਆਇਆ ਕਿ ਮੁੜ ਸੈਂਟਰ ਗੌਰਮਿੰਟ ਦੇ ਨਾਮ 'ਤੇ ਮਾਲਕੀ ਕਰ ਦਿੱਤੀ ਗਈ ਸੀ, ਪਰ ਇਨ੍ਹਾਂ ਜ਼ਮੀਨਾਂ ਤੇ ਕਾਬਜ਼ ਕਾਸ਼ਤਕਾਰ ਕਿਸਾਨ ਹੀ ਹਨ | ਇਹ ਕਿ ਇੰਤਕਾਲ ਟੁੱਟ ਜਾਣ ਕਾਰਨ ਉਸ ਸਮੇਂ ਤੋਂ ਕਾਸ਼ਤਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਵੀ ਨਹੀਂ ਜਾਰੀ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਆਖਿਆ ਕਿ ਸਾਲ 2007 ਦੀ ਪਾਲਿਸੀ ਅਧੀਨ ਆਉਂਦੀਆਂ ਜ਼ਮੀਨਾਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਬੰਧਿਤ ਕਾਸ਼ਤਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਤੋੜੀਆਂ ਗਈਆਂ ਜ਼ਮੀਨਾਂ ਦੇ ਇੰਤਕਾਲ ਬਹਾਲ ਕੀਤੇ ਜਾਣ | ਇਸ ਮੌਕੇ ਬਲਜਿੰਦਰ ਸਿੰਘ ਬਰਾੜ ਬਲਾਕ ਪ੍ਰਧਾਨ ਲੱਖੋਕੇ ਬਹਿਰਾਮ, ਅਮਰਜੀਤ ਸਿੰਘ ਬਲਾਕ ਮੀਤ ਪ੍ਰਧਾਨ ਲੱਖੋਕੇ ਬਹਿਰਾਮ, ਹੀਰਾ ਸਿੰਘ ਸੀਨੀਅਰ ਆਗੂ ਤਾਰੇ ਵਾਲਾ, ਸੁਰਜੀਤ ਸਿੰਘ ਟਾਹਲੀ ਵਾਲਾ, ਯਾਦਵਿੰਦਰ ਸਿੰਘ ਯਾਦੂ ਅਤੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ |