ਮੱਖੂ, 11 ਮਈ (ਵਰਿੰਦਰ ਮਨਚੰਦਾ)-ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ ਦੀ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ | ਇਸ ਦੌਰਾਨ ਨਗਰ ਪੰਚਾਇਤ ਮੱਖੂ ਦੇ ਬਾਹਰ ਧਰਨੇ 'ਤੇ ਬੈਠੇ ਸਫ਼ਾਈ ਸੇਵਕਾਂ ਤੇ ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਹੜਤਾਲ ਦੌਰਾਨ ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗ ਗਏ ਹਨ | ਜਿਸ ਨਾਲ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਧਰਨੇ ਦੌਰਾਨ ਯੂਨੀਅਨ ਦੇ ਪ੍ਰਧਾਨ ਰਾਜੂ ਮੇਟ ਨੇ ਕਿਹਾ ਕਿ ਯੂਨੀਅਨ ਦੀਆਂ ਕੁੱਲ 30 ਮੰਗਾਂ ਹਨ | ਜਿਨ੍ਹਾਂ ਵਿਚ ਸਭ ਤੋਂ ਅਹਿਮ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਠੇਕੇਦਾਰੀ ਸਿਸਟਮ ਨੂੰ ਜੜ੍ਹੋਂ ਖ਼ਤਮ ਕਰਨਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਮਾਵਾਂ-ਭੈਣਾਂ ਨੂੰ 1000 ਰੁਪਏ ਦੇਣ ਦੇ ਦਾਅਵੇ ਤਾਂ ਕਰਦੀ ਹੈ | ਪਰ ਮੁਲਾਜ਼ਮਾਂ ਦਾ ਬਣਦਾ ਡੀ.ਏ. ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਰੋਕ ਕੇ ਬੈਠੀ ਹੈ | ਪਿਛਲੇ ਤਿੰਨ ਮਹੀਨਿਆਂ ਤੋਂ ਪੈਨਸ਼ਨਾਂ ਨਾ ਮਿਲਣ ਕਾਰਨ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ | ਧਰਨੇ 'ਤੇ ਬੈਠੀ ਇਕ ਸਫ਼ਾਈ ਸੇਵਕ ਮਹਿਲਾ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ | ਸੀ.ਐਮ. ਸਾਹਿਬ ਕੋਲ ਮੁਲਾਜ਼ਮਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਕੋਈ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੂੰ ਇਸ ਤੋਂ ਵੀ ਵੱਡੇ ਰੋਸ ਦਾ ਸਾਹਮਣਾ ਕਰਨਾ ਪਵੇਗਾ | ਇਸ ਮੌਕੇ ਵਿਜੇ ਪੈ੍ਰੱਸ ਸਕੱਤਰ, ਰਿਖੀ ਰਾਮ, ਨਾਨਕ, ਲਵਰਾਜ, ਬਬਲੀ, ਬਿਮਲਾ, ਰਾਜਨ, ਮੋਨਾ, ਸੰਤੋਸ਼, ਵੀਨਾ ਯੂਸਫ਼, ਵੀਨਾ, ਸ਼ਾਂਤੀ, ਕੇਵਲ, ਲਾਲ ਸਿੰਘ, ਸੁਧੀਰ ਕੁਮਾਰ, ਸੁਰਿੰਦਰ ਕੁਮਾਰ, ਕਮਲੇਸ਼, ਸੰਮਾ, ਮੰਗਾ, ਗੁਲਾਬ, ਵਿਕੀ, ਸੋਨੂੰ, ਸੋਨੂੰ ਹਰੀਕੇ, ਰਜੇਸ਼, ਰਜਿੰਦਰ ਕੁਮਾਰ, ਮਨੋਜ, ਅਰੁਣ ਕੁਮਾਰ, ਹੀਰਾ ਸਿੰਘ, ਜਸਵਿੰਦਰ, ਰਾਜੂ ਡਰਾਈਵਰ, ਰਜਿੰਦਰ, ਅਕਬਰ, ਸਨਮਦੀਪ ਸਿੰਘ, ਰੁਲਦੂ ਡਰਾਈਵਰ, ਗੁਲਸ਼ਨ, ਸੋਨੂੰ, ਸ਼ੀਰਾ ਕਸ਼ਮੀਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |