ਮੱਖੂ, 11 ਮਈ (ਵਰਿੰਦਰ ਮਨਚੰਦਾ)-ਅੱਜ-ਕੱਲ੍ਹ ਦੇ ਜ਼ਮਾਨੇ ਵਿਚ ਜਿੱਥੇ ਲੋਕ ਇਕ-ਦੂਜੇ ਨੂੰ ਲੁੱਟਣ 'ਤੇ ਤੁਲੇ ਹੋਏ ਹਨ, ਉੱਥੇ ਹੀ ਮੱਖੂ ਵਾਸੀ ਵਾਹੀ ਪਰਿਵਾਰ ਨੇ ਇਕ ਅਣਜਾਣ ਡਿੱਗੇ ਹੋਏ ਬੈਗ, ਜਿਸ 'ਚ 7 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਕੀਮਤੀ ਮੋਬਾਈਲ ਫ਼ੋਨ ਤੋਂ ਇਲਾਵਾ ਕੱਪੜੇ ਮੌਜੂਦ ਸਨ, ਵਾਪਸ ਮੋੜ ਕੇ ਇਮਾਨਦਾਰੀ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ | ਬੈਗ ਮਾਲਕ ਮਨਦੀਪ ਕੌਰ ਪਤਨੀ ਮਨਜੀਤ ਸਿੰਘ ਵਾਸੀ ਪਿੰਡ ਸ਼ੀਹਾਂਪਾੜੀ ਮੱਖੂ ਤੋਂ ਵਾਪਸ ਜਾਂਦੇ ਸਮੇਂ ਮੋਟਰਸਾਈਕਲ ਤੋਂ ਉਕਤ ਬੈਗ ਡਿਗ ਪਿਆ ਤੇ ਉੱਥੋਂ ਲੰਘ ਰਹੇ ਜਤਿੰਦਰ ਸਿੰਘ ਨੇ ਇਹ ਬੈਗ ਮਿਲਦੇ ਹੀ ਆਪਣੇ ਭਰਾ ਲਖਵਿੰਦਰ ਸਿੰਘ ਨਾਲ ਇਸ ਸਬੰਧੀ ਗੱਲ ਸਾਂਝੀ ਕੀਤੀ ਅਤੇ ਬੈਗ ਵਿਚ ਮਿਲੀ ਪਰਚੀ ਤੋਂ ਨਾਂਅ ਦੇਖ ਅਸਲ ਮਾਲਕਾਂ ਦੀ ਪੜਤਾਲ ਕਰਕੇ ਉਨ੍ਹਾਂ ਨੂੰ ਬੈਗ ਵਾਪਸ ਕੀਤਾ ਗਿਆ | ਇਸ ਮੌਕੇ ਮਨਦੀਪ ਕੌਰ ਵਲੋਂ ਬੈਗ ਲੱਭ ਜਾਣ 'ਤੇ ਵਾਹੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਤਵਿੰਦਰ ਸਿੰਘ ਵਾਹੀ, ਸੁਖਮਨਦੀਪ ਸਿੰਘ ਆਦਿ ਹਾਜ਼ਰ ਸਨ |