ਫਿਰੋਜ਼ਪੁਰ, 11 ਮਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਰੇਲਵੇ ਮੰਡਲ ਨੇ ਈ-ਟੈਂਡਰਿੰਗ ਰਾਹੀਂ ਦੋ ਪ੍ਰਮੁੱਖ ਰੇਲਗੱਡੀਆਂ ਵਿਚ ਐੱਸ.ਐੱਲ.ਆਰ. ਲੀਜ਼ਿੰਗ ਦੇ ਇਕਰਾਰਨਾਮੇ ਅਲਾਟ ਕਰਕੇ ਕਰੋੜਾਂ ਰੁਪਏ ਦਾ ਮਾਲੀਆ ਜੁਟਾਇਆ ਹੈ | ਫਿਰੋਜ਼ਪੁਰ ਰੇਲਵੇ ਮੰਡਲ ਵਲੋਂ ਆਮਦਨ ਵਧਾਉਣ ਅਤੇ ਸੇਵਾਵਾਂ ਵਿਚ ਸੁਧਾਰ ਕਰਨ ਦੇ ਉਦੇਸ਼ ਨਾਲ ਇਕ ਅਹਿਮ ਪ੍ਰਾਪਤੀ ਕੀਤੀ ਗਈ ਹੈ | ਮੰਡਲ ਨੇ ਈ-ਨਿਵੀਦਾ ਪ੍ਰਕਿਰਿਆ ਰਾਹੀਂ ਰੇਲਗੱਡੀ ਨੰਬਰ 12904 ਅਤੇ 12318 ਵਿਚ ਐੱਸ.ਐੱਲ.ਆਰ.ਲੀਜ਼ਿੰਗ ਦੇ ਇਕਰਾਰਨਾਮੇ ਸਫਲਤਾਪੂਰਵਕ ਅਲਾਟ ਕਰ ਦਿੱਤੇ ਹਨ | ਇਸ ਨਵੀਂ ਵਿਵਸਥਾ ਦੇ ਸ਼ੁਰੂ ਹੋਣ ਨਾਲ ਭਾਰਤੀ ਰੇਲਵੇ ਨੂੰ ਲਗਭਗ 7.26 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਵੇਗਾ | ਰੇਲਵੇ ਅਧਿਕਾਰੀਆਂ ਅਨੁਸਾਰ ਐੱਸ.ਐੱਲ.ਆਰ. ਲੀਜ਼ਿੰਗ ਪ੍ਰਣਾਲੀ ਰੇਲਗੱਡੀਆਂ ਵਿਚ ਉਪਲਬਧ ਖਾਲੀ ਥਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਂਦੀ ਹੈ | ਇਸ ਨਾਲ ਨਾ ਸਿਰਫ਼ ਰੇਲਵੇ ਦੀ ਆਮਦਨ ਵਧਦੀ ਹੈ | ਸਗੋਂ ਵਪਾਰੀਆਂ ਨੂੰ ਵੀ ਆਪਣਾ ਸਾਮਾਨ ਤੇਜ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਇਕ ਥਾਂ ਤੋਂ ਦੂਜੀ ਥਾਂ ਭੇਜਣ ਦੀ ਵੱਡੀ ਸਹੂਲਤ ਮਿਲਦੀ ਹੈ | ਇਹ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਰੱਖੀ ਗਈ ਹੈ ਤਾਂ ਜੋ ਰੇਲਵੇ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਹੋ ਸਕੇ | ਇਹ ਇਕਰਾਰਨਾਮਾ ਵਪਾਰੀਆਂ ਅਤੇ ਰੇਲਵੇ ਦੋਵਾਂ ਲਈ ਇਕ 'ਵਿਨ-ਵਿਨ' ਸਥਿਤੀ ਹੈ, ਕਿਉਂਕਿ ਇਸ ਨਾਲ ਸਮੇਂ ਅਤੇ ਲਾਗਤ ਦੋਵਾਂ ਦੀ ਬੱਚਤ ਹੁੰਦੀ ਹੈ | ਇਸ ਦੇ ਨਾਲ ਹੀ ਮਾਲ ਢੋਆ-ਢੁਆਈ ਦੀਆਂ ਬਿਹਤਰ ਸਹੂਲਤਾਂ ਮਿਲਣ ਨਾਲ ਅਸਿੱਧੇ ਤੌਰ 'ਤੇ ਯਾਤਰੀ ਸੇਵਾਵਾਂ ਵਿਚ ਵੀ ਗੁਣਾਤਮਿਕ ਸੁਧਾਰ ਦੇਖਣ ਨੂੰ ਮਿਲੇਗਾ |