ਫ਼ਿਰੋਜ਼ਪੁਰ, 18 ਮਈ (ਗੁਰਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ ਦੀ ਹੋਣਹਾਰ ਵਿਦਿਆਰਥਣ ਰਸ਼ਮੀਨ ਕੌਰ ਨੇ ਭਾਰਤੀ ਅੰਡਰ-18 ਮਹਿਲਾ ਹਾਕੀ ਟੀਮ ਵਿਚ ਸਥਾਨ ਹਾਸਲ ਕਰਕੇ ਸਕੂਲ, ਇਲਾਕੇ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | ਰਸ਼ਮੀਨ ਕੌਰ ਹੁਣ ਜਪਾਨ ਵਿਖੇ ਹੋਣ ਵਾਲੇ ਏਸ਼ੀਆ ਕੱਪ ਵਿਚ ਭਾਰਤੀ ਟੀਮ ਦਾ ਹਿੱਸਾ ਬਣ ਕੇ ਦੇਸ਼ ਦੀ ਨੁਮਾਇੰਦਗੀ ਕਰੇਗੀ | ਪਿ੍ੰਸੀਪਲ ਪਵਨਦੀਪ ਕੌਰ ਨੇ ਦੱਸਿਆ ਕਿ ਰਸ਼ਮੀਨ ਕੌਰ ਨੇ 15 ਮਈ ਨੂੰ ਆਪਣੇ ਖੇਡ ਜੀਵਨ ਦਾ ਪਹਿਲਾ ਅੰਤਰਰਾਸ਼ਟਰੀ ਮੈਚ ਅਸਟਰੇਲੀਆ ਖ਼ਿਲਾਫ਼ ਖੇਡ ਕੇ ਇਕ ਹੋਰ ਉਪਲਬਧੀ ਆਪਣੇ ਨਾਮ ਕੀਤੀ ਹੈ | ਇਨ੍ਹਾਂ ਦਿਨਾਂ ਆਸਟਰੇਲੀਅਨ ਮਹਿਲਾ ਹਾਕੀ ਟੀਮ ਭਾਰਤ ਦੌਰੇ 'ਤੇ ਹੈ ਅਤੇ ਇਸ ਲੜੀ ਦੌਰਾਨ ਰਸ਼ਮੀਨ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ | 29 ਮਈ ਨੂੰ ਉਹ ਭਾਰਤੀ ਟੀਮ ਨਾਲ ਜਪਾਨ ਰਵਾਨਾ ਹੋਵੇਗੀ | ਜਿੱਥੇ ਏਸ਼ੀਆ ਕੱਪ ਮੁਕਾਬਲੇ ਕਰਵਾਏ ਜਾਣਗੇ | ਰਸ਼ਮੀਨ ਕੌਰ ਨੂੰ ਭਾਰਤੀ ਟੀਮ ਵਿਚ ਇਕੱਲੀ ਸਿੱਖ ਖਿਡਾਰਨ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ | ਜਿਸ ਨਾਲ ਪੰਜਾਬ ਭਰ ਵਿਚ ਖ਼ੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ ਹੈ | ਛੋਟੇ ਜਿਹੇ ਕਸਬੇ ਤੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਉਸ ਦੀ ਮਿਹਨਤ, ਲਗਨ ਅਤੇ ਸਮਰਪਣ ਦਾ ਨਤੀਜਾ ਹੈ | ਸਕੂਲ ਪ੍ਰਬੰਧਕਾਂ ਅਨੁਸਾਰ ਰਸ਼ਮੀਨ ਕੌਰ ਸ਼ੁਰੂ ਤੋਂ ਹੀ ਖੇਡਾਂ ਪ੍ਰਤੀ ਗਹਿਰੀ ਦਿਲਚਸਪੀ ਅਤੇ ਜਿੱਤਣ ਦੇ ਜਜ਼ਬੇ ਨਾਲ ਭਰਪੂਰ ਰਹੀ ਹੈ | ਸਕੂਲ ਵਲੋਂ ਉਸ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਗਿਆ | ਖ਼ਾਸ ਤੌਰ 'ਤੇ ਡੀ.ਪੀ.ਈ. ਤੇਜਬੀਰ ਸਿੰਘ ਦੀ ਮਿਹਨਤ, ਸਮਰਪਣ ਅਤੇ ਉੱਚ ਪੱਧਰੀ ਕੋਚਿੰਗ ਨੇ ਉਸਨੂੰ ਇਕ ਨਿਡਰ ਅਤੇ ਸ਼ਾਨਦਾਰ ਹਾਕੀ ਖਿਡਾਰਨ ਵਜੋਂ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ | ਸਕੂਲ ਦੇ ਪਿ੍ੰਸੀਪਲ, ਸਮੂਹ ਸਟਾਫ, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਵਲੋਂ ਰਸ਼ਮੀਨ ਕੌਰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ |