ਫਿਰੋਜ਼ਪੁਰ, 19 ਮਈ (ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਵਾਰਡ ਨੰਬਰ 30 ਕੰਬੋਜ ਨਗਰ ਬਸਤੀ ਬਾਗਵਾਲੀ ਤੋਂ 'ਆਪ' ਦੇ ਉਮੀਦਵਾਰ ਰਹੇ ਨੀਲਮ ਰਾਣੀ ਪਤਨੀ ਬੂਟਾ ਅਨਮੋਲ ਨੇ ਕਾਂਗਰਸ ਦੇ ਹੱਕ ਵਿਚ ਆਪਣੇ ਕਾਗਜ਼ ਵਾਪਸ ਲੈ ਕੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦਾ ਦਾਮਨ ਫੜ ਲਿਆ | ਇਸ ਮੌਕੇ ਨੀਲਮ ਰਾਣੀ ਅਤੇ ਬੂਟਾ ਅਨਮੋਲ ਨੇ ਕਾਂਗਰਸ ਉਮੀਦਵਾਰ ਮਨਪ੍ਰੀਤ ਕੌਰ ਪਤਨੀ ਨਵਜੋਤ ਸਿੰਘ ਪਿੰਕੀ ਦੇ ਹੱਕ ਵਿਚ ਸਮਰਥਨ ਦਾ ਐਲਾਨ ਕੀਤਾ | ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਦੋਵਾਂ ਨੂੰ ਸਿਰੋਪੇ ਪਵਾ ਕੇ ਪਾਰਟੀ ਵਿਚ ਸ਼ਾਮਿਲ ਕਰਵਾਇਆ ਗਿਆ | ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਰ ਵਰਕਰ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ ਅਤੇ ਪਾਰਟੀ ਹਮੇਸ਼ਾ ਆਪਣੇ ਸਾਥੀਆਂ ਨਾਲ ਖੜ੍ਹੀ ਹੈ | ਬੂਟਾ ਅਨਮੋਲ ਅਤੇ ਨੀਲਮ ਰਾਣੀ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ ਪਰ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ | ਉਨ੍ਹਾਂ ਦੋਸ਼ ਲਗਾਇਆ ਕਿ 'ਆਪ' ਵਿਧਾਇਕ ਵਲੋਂ ਪਹਿਲਾਂ ਉਨ੍ਹਾਂ ਨੂੰ ਐਮ.ਸੀ ਦੀ ਟਿਕਟ ਦਿੱਤੀ ਗਈ | ਉਸ ਤੋਂ ਕਾਗਜ਼ ਵਾਪਸ ਲੈ ਕੇ ਉਹ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਹਨ | ਇਸ ਮੌਕੇ ਜਦੋਂ ਕਾਂਗਰਸ ਦੇ ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੀਰ ਬਾਠ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ 33 ਐਮ.ਸੀ ਮੈਦਾਨ ਦੇ ਵਿਚ ਖੜ੍ਹੇ ਕੀਤੇ ਹਨ | ਜਿਨ੍ਹਾਂ ਤੇ ਜਿੱਤ ਪ੍ਰਾਪਤ ਕਰਕੇ ਨਗਰ ਕੌਂਸਲ 'ਤੇ ਕਾਂਗਰਸ ਦਾ ਝੰਡਾ ਲਹਿਰਾਵਾਂਗੇ | ਉਹਨਾਂ ਕਿਹਾ ਕਿ ਲੋਕ 26 ਤਰੀਕ ਨੂੰ ਵਿਕਾਸ ਦੇ ਕੰਮਾਂ ਨੂੰ ਵੇਖ ਕੇ ਮੋਹਰ ਲਗਾਉਣ ਦੀ ਅਤੇ ਕਾਂਗਰਸ ਨੂੰ ਜਤਾਉਣਗੇ | ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਝੂਠੇ ਦਾਅਵਿਆਂ ਤੋਂ ਹੁਣ ਲੋਕ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਲੋਕ ਹੁਣ ਝੂਠੇ ਲਾਰਿਆਂ ਨੂੰ ਛੱਡ ਕੇ ਸਹੀ ਅਤੇ ਵਿਕਾਸ ਵਾਲੀ ਰਾਜਨੀਤੀ ਦੇ ਰਸਤੇ 'ਤੇ ਚੱਲਣ ਦਾ ਮਨ ਬਣਾ ਰਹੇ ਹਨ | ਪਿੰਕੀ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ 33 ਦੇ 33 ਐਮ.ਸੀ ਜਿਤਾ ਕੇ ਨਗਰ ਕੌਂਸਲ 'ਤੇ ਕਾਂਗਰਸ ਝੰਡਾ ਲਹਿਰਾਏਗੀ | ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਦੇ ਪੁਰਾਣੇ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹੋਏ ਮੁੜ ਪਾਰਟੀ ਨਾਲ ਜੁੜ ਰਹੇ ਹਨ |