ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਫਿਰੋਜ਼ਪੁਰ ਦੀ ਨਗਰ ਪੰਚਾਇਤ ਮੁੱਦਕੀ ਦੇ ਸਾਰੇ 13 ਵਾਰਡਾਂ ਦੇ ਕੌਂਸਲਰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤੇ ਗਏ | ਜਿਸ ਦੇ ਚੱਲਦਿਆਂ ਮੁੱਦਕੀ ਨਗਰ ਪੰਚਾਇਤ ਦੀਆਂ ਚੋਣਾਂ ਲਈ ਹੁਣ ਵੋਟਿੰਗ ਕਰਵਾਉਣ ਦੀ ਲੋੜ ਨਹੀਂ ਪਵੇਗੀ | ਬਿਨਾਂ ਮੁਕਾਬਲਾ ਜਿੱਤੇ ਕੌਂਸਲਰਾਂ ਵਿੱਚ 7 ਸੱਤਾਧਾਰੀ ਆਮ ਆਦਮੀ ਪਾਰਟੀ ਅਤੇ 6 ਕੌਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹਨ | ਇੱਥੇ ਦੱਸਣਯੋਗ ਹੈ ਨਗਰ ਪੰਚਾਇਤ ਮੁੱਦਕੀ ਦੀਆਂ ਚੋਣਾਂ ਲਈ ਤਲਵੰਡੀ ਭਾਈ ਵਿਖੇ ਮਾਰਕੀਟ ਕਮੇਟੀ ਦਫਤਰ 'ਚ ਸਥਿਤ ਰਿਟਰਨਿੰਗ ਅਫਸਰ ਜੌਨੀ ਖੰਨਾ ਐਕਸੀਅਨ ਵਾਟਰ ਸਪਲਾਈ ਕੋਲ 19 ਉਮੀਦਵਾਰਾਂ ਵਲੋਂ ਦਾਅਵੇਦਾਰੀਆਂ ਪੇਸ਼ ਕੀਤੀਆਂ ਗਈਆਂ ਸਨ ਅਤੇ ਬੀਤੇ ਦਿਨ ਨਾਮਜ਼ਦਗੀ ਪੱਤਰਾਂ ਦੀ ਕੀਤੀ ਗਈ ਪੜਤਾਲ ਦੌਰਾਨ ਕਾਂਗਰਸ ਪਾਰਟੀ ਵਲੋਂ ਨਾਮਜ਼ਦਗੀ ਪੱਤਰ ਭਰਨ ਵਾਲ ਇਕੋ-ਇਕ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਅਪ੍ਰਵਾਨ ਹੋਣ ਕਰਕੇ ਉਕਤ ਮਹਿਲਾ ਉਮੀਦਵਾਰ ਚੋਣ ਮੈਦਾਨ 'ਚੋਂ ਬਾਹਰ ਹੋ ਗਈ ਸੀ | ਜਦਕਿ 5 ਉਮੀਦਵਾਰਾਂ ਵਲੋਂ ਅੱਜ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ | ਜਿਸ ਦੇ ਚੱਲਦਿਆਂ ਸਾਰੇ 13 ਵਾਰਡਾਂ ਅੰਦਰ ਇੱਕ-ਇੱਕ ਉਮੀਦਵਾਰ ਹੀ ਹੋਣ ਕਾਰਨ ਦੇ ਸਾਰੇ ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਘੋਸ਼ਿਤ ਕਰ ਦਿੱਤੇ ਗਏ | ਰਿਟਰਨਿੰਗ ਅਧਿਕਾਰੀ ਜੌਨੀ ਖੰਨਾ ਵਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ ਵਾਰਡ ਨੰਬਰ 01 ਤੋਂ ਕਰਮਜੀਤ ਕੌਰ (ਆਮ ਆਦਮੀ ਪਾਰਟੀ), ਵਾਰਡ ਨੰਬਰ 02 ਤੋਂ ਮਨਤਾਰ ਸਿੰਘ ਰੱਖਰਾ (ਆਮ ਆਦਮੀ ਪਾਰਟੀ), ਵਾਰਡ ਨੰਬਰ 03 ਤੋਂ ਪਵਿੱਤਰ ਸਿੰਘ (ਆਮ ਆਦਮੀ ਪਾਰਟੀ), ਵਾਰਡ ਨੰਬਰ 04 ਤੋਂ ਰੰਪੀ ਕੌਰ ਗਿੱਲ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰਬਰ 05 ਤੋਂ ਸੁਰਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰਬਰ 6 ਤੋਂ ਕੁਲਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰਬਰ 07 ਤੋਂ ਗੁਰਤੇਜ ਸਿੰਘ (ਆਮ ਆਦਮੀ ਪਾਰਟੀ), ਵਾਰਡ ਨੰਬਰ 08 ਤੋਂ ਬਲਜਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰਬਰ 09 ਤੋਂ ਇਕਬਾਲ ਸਿੰਘ (ਆਮ ਆਦਮੀ ਪਾਰਟੀ)ਵਾਰਡ ਨੰਬਰ 10 ਤੋਂ ਨਰਿੰਦਰਪਾਲ ਕੌਰ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰਬਰ 11 ਤੋਂ ਪਰਮਜੀਤ ਕੌਰ (ਆਮ ਆਦਮੀ ਪਾਰਟੀ), ਵਾਰਡ ਨੰਬਰ 12 ਤੋਂ ਮਨਪ੍ਰੀਤ ਕੌਰ ਕਲਸੀ (ਸ਼੍ਰੋਮਣੀ ਅਕਾਲੀ ਦਲ) ਅਤੇ ਵਾਰਡ ਨੰਬਰ 13 ਤੋਂ ਅਰਵਿੰਦਰ ਸਿੰਘ (ਆਮ ਆਦਮੀ ਪਾਰਟੀ) ਨਿਰਵਿਰੋਧ ਚੁਣੇ ਹਨ | ਇਸ ਤਰ੍ਹਾਂ ਹੋਈ ਚੋਣ ਬਾਅਦ ਹੁਣ ਉਕਤ ਚੁਣੇ ਕੌਂਸਲਰ ਨਗਰ ਪੰਚਾਇਤ ਮੁੱਦਕੀ ਦੀ ਕਾਰਜਕਾਰਨੀ ਦਾ ਗਠਨ ਕਰਨਗੇ |