ਗੁਰੂਹਰਸਹਾਏ, 9 ਜੂਨ(ਹਰਚਰਨ ਸਿੰਘ ਸੰਧੂ)-ਸਮੂਹ ਆਤਮਾ ਸਟਾਫ (ਐਗਰੀਕਲਚਰ ਟੈਕਨੋਲਜੀ ਮੈਨੇਜਮੈਂਟ ਏਜੰਸੀ) ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਨੁਮਾਇੰਦਿਆਂ ਵਲੋਂ ਰਮਨਦੀਪ ਸਿੰਘ ਬਲਾਕ ਟੈਕਨੋਲਜੀ ਮੈਨੇਜਰ ਦੀ ਅਗਵਾਈ ਵਿਚ ਆਤਮਾ ਸਟਾਫ ਦੇ ਠੇਕੇ ਦੇ ਅਧਾਰ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ | ਪੰਜਾਬ ਸਰਕਾਰ ਦੁਆਰਾ ਵੱਖ- ਵੱਖ ਮਹਿਕਮਿਆਂ ਵਿਚ ਠੇਕੇ ਦੇ ਅਧਾਰ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਦਿੱਤੇ ਬਿਆਨ ਦੇ ਤਹਿਤ ਆਤਮਾ ਸਟਾਫ (ਐਗਰੀਕਲਚਰ ਟੈਕਨੋਲਜੀ ਮੈਨੇਜਮੈਂਟ ਏਜੰਸੀ) ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਵਿੱਚ ਪਿਛਲੇ 12 ਸਾਲਾਂ ਤੋਂ ਠੇਕੇ ਦੇ ਅਧਾਰ 'ਤੇ ਸੇਵਾਵਾਂ ਨਿਭਾ ਰਹੇ ਆਤਮਾ ਸਟਾਫ ਦੇ ਕਰਮਚਾਰੀਆਂ ਵਲੋਂ ਦੱਸਿਆ ਗਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਨੂੰ ਆਪਣੀ ਹੱਕੀ ਮੰਗਾਂ ਅਤੇ ਮਹਿਕਮੇ ਵਿਚ ਰੈਗੂਲਰ ਕਰਨ ਸਬੰਧੀ ਬਹੁਤ ਵਾਰ ਗੁਹਾਰ ਲਗਾ ਚੁੱਕੇ ਹਨ ਪਰ ਅਜੇ ਤੱਕ ਉਹਨਾਂ ਨੂੰ ਸਰਕਾਰ ਦੁਆਰਾ ਰੈਗੂਲਰ ਕਰਨ ਬਾਰੇ ਕੋਈ ਵੀ ਪੇਸ਼ਕਸ਼ ਨਹੀਂ ਕੀਤੀ ਗਈ | ਨਾ ਹੀ ਪੰਜਾਬ ਸਰਕਾਰ ਦਾ ਖੇਤੀਬਾੜੀ ਮਹਿਕਮੇ ਦੇ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲ ਕੋਈ ਧਿਆਨ ਹੈ | ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਉਹਨਾਂ ਨੂੰ ਪੂਰਾ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਵਲੋਂ ਤੁਹਾਡੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿਚ ਲਿਖ ਕੇ ਹਰ ਪੱਖੋਂ ਉਨਾਂ ਦੀ ਸਹਾਇਤਾ ਕੀਤੀ ਜਾਵੇਗੀ | ਮੌਕੇ 'ਤੇ ਹਾਜ਼ਰ ਕਰਮਚਾਰੀਆਂ ਵਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਉਹਨਾਂ ਨੂੰ ਮਹਿਕਮੇ ਵਿਚ ਰੈਗੂਲਰ ਅਸਾਮੀ ਲਈ ਨਹੀਂ ਵਿਚਾਰਿਆ ਜਾਂਦਾ ਤਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਕੋਠੀ ਦਾ ਘਿਰਾਓ ਕਰਕੇ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ |