ਮੱਖੂ, 9 ਜੂਨ (ਵਰਿੰਦਰ ਮਨਚੰਦਾ)-ਗੁਰੂ ਸਾਹਿਬਾਂ ਦੀ ਸੱਚੀ ਸੁੱਚੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਵਚਨਬੱਧ ਸੰਸਥਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈੱਲਫੇਅਰ ਸੁਸਾਇਟੀ ਰਜਿ. ਪੰਜਾਬ ਵਲੋਂ ਜੂਨ 1984 ਵਿਚ ਵਾਪਰੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ, ਭੁਜੰਗੀਆਂ ਦੀ ਸ਼ਹਾਦਤ ਨੂੰ ਮਨਾਉਂਦਿਆਂ 7 ਰੋਜ਼ਾ ਦਸਤਾਰ, ਦੁਮਾਲਾ ਸਿਖਲਾਈ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੀਰ ਮੁਹੰਮਦ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਦੀ ਸਮਾਪਤੀ ਦੌਰਾਨ ਬੱਚਿਆਂ ਦੇ ਦਸਤਾਰ, ਦੁਮਾਲਾ ਅਤੇ ਸ਼ੁੱਧ ਪੰਜਾਬੀ ਲਿਖਾਈ ਮੁਕਾਬਲੇ ਕਰਵਾਏ ਗਏ | ਜਿਸ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਦਸਤਾਰ ਦੁਮਾਲਾ ਮੁਕਾਬਲੇ ਦੇ ਦੋ ਗਰੁੱਪ ਅਤੇ ਸ਼ੁੱਧ ਪੰਜਾਬੀ ਲਿਖਾਈ ਮੁਕਾਬਲੇ ਦੇ ਦੋ ਗਰੁੱਪ ਬਣਾਏ ਗਏ | ਹਰੇਕ ਗਰੁੱਪ ਵਿਚੋਂ ਪਹਿਲੇ, ਦੂਸਰੇ, ਤੀਸਰੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਅਤੇ ਭਾਗ ਲੈਣ ਵਾਲੇ ਲੜਕੇ/ਲੜਕੀਆਂ ਨੂੰ ਸ਼ੀਲਡਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸੁਸਾਇਟੀ ਵਲੋਂ ਉਚੇਚੇ ਤੌਰ 'ਤੇ ਪਹੁੰਚੇ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਅਤੇ ਮਾਲਵਾ ਜ਼ੋਨ ਦੇ ਇੰਚਾਰਜ ਵੀਰ ਨਿੰਦਰਪਾਲ ਸਿੰਘ ਵਲੋਂ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੁਨੀਆ ਵਿਚ ਜਿਹੜੀਆਂ ਕੌਮਾਂ ਸਦੈਵੀ ਕਾਲ ਦੇ ਲਈ ਸਥਾਪਿਤ ਰਹਿੰਦੀਆਂ ਹਨ, ਉਨ੍ਹਾਂ ਦੀਆਂ ਨਿਸ਼ਾਨੀਆਂ ਇਹ ਹੁੰਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਆਪਣੀ ਮਾਂ ਬੋਲੀ, ਆਪਣੇ ਇਤਿਹਾਸ ਅਤੇ ਆਪਣੇ ਗੌਰਵਮਈ ਵਿਰਸੇ ਨਾਲ ਜੁੜੇ ਹੁੰਦੇ ਹਨ | ਪਰ ਸਮੇਂ ਦੀ ਸਰਕਾਰ ਜਿਹੜਾ ਕੰਮ ਸਾਨੂੰ ਸਰੀਰਕ ਤੌਰ 'ਤੇ ਖ਼ਤਮ ਕਰਕੇ ਨਹੀਂ ਕਰ ਸਕੀ, ਅੱਜ ਉਹ ਕੰਮ ਅੰਦਰੂਨੀ ਤੌਰ ਉੱਤੇ ਕਰਕੇ ਸਾਡੀਆਂ ਜੜਾਂ ਨੂੰ ਖੋਖਲਾ ਕਰਨ ਵਿਚ ਕਾਮਯਾਬ ਹੋ ਰਹੀ ਹੈ | ਇਸ ਸਭ ਵਰਤਾਰੇ ਤੋਂ ਬਚਣ ਦਾ ਸਭ ਤੋਂ ਸੁਖੈਨ ਤਰੀਕਾ ਕਿ ਅਸੀਂ ਆਪਣੀ ਪੀੜੀ ਨੂੰ ਸਾਂਭ ਲਈਏ | ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਖ਼ਜ਼ਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ ਨੇ ਕੈਂਪ ਨੂੰ ਸਫਲ ਬਣਾਉਣ ਵਾਲੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਪੀਰ ਮੁਹੰਮਦ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਆਗੂ ਪ੍ਰਧਾਨ ਲਖਵਿੰਦਰ ਸਿੰਘ, ਲਿਖਾਰੀ ਸਭਾ ਦੇ ਪ੍ਰਧਾਨ ਹਰਪਿੰਦਰ ਸਿੰਘ, ਗੁਰਦੁਆਰਾ ਸਾਹਿਬ ਦੀ ਹੈੱਡ ਗ੍ਰੰਥੀ ਭਾਈ ਬਲਰਾਜ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਸਰਮੇਲ ਸਿੰਘ ਨੇ ਸੋਸਾਇਟੀ ਵਲੋਂ ਕੀਤੇ ਜਾ ਰਹੇ ਨਿਸ਼ਕਾਮ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਇਹਨਾਂ ਕਾਰਜਾਂ ਵਿਚ ਹਰੇਕ ਪੱਖ ਤੋਂ ਸਹਿਯੋਗ ਦੇਣ ਦਾ ਭਰੋਸਾ ਦਵਾਇਆ | ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਸੁਸਾਇਟੀ ਦੇ ਸਮੂਹ ਵੀਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇਲਾਕਾ ਨਿਵਾਸੀ ਸੰਗਤਾਂ ਨੂੰ ਇਹੋ ਜਿਹੇ ਗੁਰਮਤਿ ਕੈਂਪਾਂ ਤੋਂ ਲਾਹਾ ਲੈਣ ਦੇ ਲਈ ਬੇਨਤੀ ਕੀਤੀ | ਇਸ ਮੌਕੇ ਸੋਸਾਇਟੀ ਦੇ ਦਸਤਾਰ ਕੋਆਰਡੀਨੇਟਰ ਹਰਜੀਤ ਸਿੰਘ ਲਹਿਰੀ, ਹਰਪ੍ਰੀਤ ਸਿੰਘ ਪੱਟੀ, ਆਕਾਸ਼ਦੀਪ ਸਿੰਘ ਪੱਟੀ, ਵਜ਼ੀਰ ਸਿੰਘ ਹਾਸਲ, ਹਰਮਨਦੀਪ ਸਿੰਘ, ਸੁਖਮਨਦੀਪ ਸਿੰਘ, ਹੁਸਨਦੀਪ ਸਿੰਘ, ਗਗਨਦੀਪ ਸਿੰਘ ਭਿੱਖੀਵਿੰਡ, ਸਾਜਨਪ੍ਰੀਤ ਸਿੰਘ ਮਰਗਿੰਦਪੁਰਾ, ਰਣਬੀਰ ਸਿੰਘ ਬੀਰਮ, ਉੱਘੇ ਕਵੀਸ਼ਰ ਅਤੇ ਲਿਖਾਰੀ ਭਾਈ ਲਖਬੀਰ ਸਿੰਘ ਰਸੂਲਪੁਰੀ ਤੇ ਗੁਰਦੁਆਰਾ ਨਾਨਕ ਦਰਬਾਰ ਰਸੂਲਪੁਰ ਫਾਟਕ ਦੇ ਹੈੱਡ ਗ੍ਰੰਥੀ ਹਾਜ਼ਰ ਸਨ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਠੱਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਫਲ ਫਰੂਟ ਦਾ ਲੰਗਰ ਲਗਾਇਆ ਗਿਆ |