ਫ਼ਿਰੋਜ਼ਪੁਰ, 16 ਜੂਨ (ਗੁਰਿੰਦਰ ਸਿੰਘ)-ਜਦੋਂ ਥਾਣੇ ਅਤੇ ਪੁਲਿਸ ਨਾਕਿਆਂ ਦੇ ਨੇੜੇ ਵੀ ਚੋਰ ਬੇਖ਼ੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪੈਣ ਅਤੇ ਸ਼ਿਕਾਇਤਾਂ ਦੇ ਬਾਵਜੂਦ ਪੁਲਿਸ ਦੇ ਹੱਥ ਖ਼ਾਲੀ ਨਜ਼ਰ ਆਉਣ, ਤਾਂ ਕਾਨੂੰਨ-ਵਿਵਸਥਾ ’ਤੇ ਸਵਾਲ ਉੱਠਣਾ ਲਾਜ਼ਮੀ ਹੈ। ਥਾਣਾ ਸਿਟੀ ਫ਼ਿਰੋਜ਼ਪੁਰ ਅਧੀਨ ਪੈਂਦੇ ਇਲਾਕਿਆਂ ਵਿਚ ਲਗਾਤਾਰ ਵੱਧ ਰਹੀਆਂ ਚੋਰੀਆਂ ਅਤੇ ਉਨ੍ਹਾਂ ਨੂੰ ਸੁਲਝਾਉਣ ਵਿਚ ਪੁਲਿਸ ਦੀ ਨਾਕਾਮੀ ਨੇ ਇਕ ਵਾਰ ਫਿਰ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਤ ਇਹ ਹਨ ਕਿ ਥਾਣਾ ਸਿਟੀ ਵਿਚ ਸਾਲਾਂ ਪੁਰਾਣੇ ਚੋਰੀ ਦੇ ਕੇਸ ਵੀ ਅੱਜ ਤੱਕ ਠੰਢੇ ਬਸਤੇ ਵਿਚ ਪਏ ਹਨ। ਜਦਕਿ ਤਾਜ਼ਾ ਚੋਰੀ ਦੀ ਘਟਨਾ ਥਾਣਾ ਸਿਟੀ ਤੋਂ ਮਹਿਜ਼ 100 ਮੀਟਰ ਅਤੇ ਪੁਲਿਸ ਨਾਕੇ ਤੋਂ ਕਰੀਬ 50 ਮੀਟਰ ਦੀ ਦੂਰੀ ’ਤੇ ਵਾਪਰੀ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਰੋਹਿਤ ਪੁੱਤਰ ਸਤੀਸ਼ ਕੁਮਾਰ ਵਾਸੀ ਸਰਾਂ ਨਗਰ ਮੱਲ, ਫ਼ਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਦੀ ਸ਼ਹੀਦ ਊਧਮ ਸਿੰਘ ਚੌਕ ਵਿਖੇ ਐਨ.ਕੇ. ਏਜੰਸੀ ਦੇ ਸਾਹਮਣੇ ਸਥਿਤ ਸਿੰਗਲਾ ਟੀ ਸਟਾਲ ’ਤੇ ਚੋਰਾਂ ਨੇ ਤੜਕੇ ਧਾਵਾ ਬੋਲ ਦਿੱਤਾ। ਚੋਰ ਦੁਕਾਨ ਦੇ ਤਾਲੇ ਤੋੜ ਕੇ ਇਕ ਗੈੱਸ ਸਿਲੰਡਰ, ਚਾਰ ਕੋਲਡ ਡਰਿੰਕ ਦੀਆਂ ਪੇਟੀਆਂ, ਪੰਜ ਕਿੱਲੋ ਚੀਨੀ, ਪੰਜ ਕਿੱਲੋ ਚਾਹ ਪੱਤੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਪੀੜਤ ਅਨੁਸਾਰ ਇਸ ਚੋਰੀ ਕਾਰਨ ਉਸ ਦਾ ਕਰੀਬ 10 ਤੋਂ 12 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਨੇ ਦੱਸਿਆ ਕਿ ਘਟਨਾ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸ਼ਿਕਾਇਤ ਦਿੱਤੇ 48 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਪਰ ਅਜੇ ਤੱਕ ਨਾ ਤਾਂ ਕੋਈ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਨਾ ਹੀ ਚੋਰਾਂ ਦੀ ਭਾਲ ਲਈ ਕੋਈ ਠੋਸ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਜੂਨ 2025 ਵਿਚ ਬਗ਼ਦਾਦੀ ਗੇਟ ਇਲਾਕੇ ਵਿਚ ਰੋਜ਼ਾਨਾ ਪੰਜਾਬੀ ਅਖ਼ਬਾਰ ਦੇ ਇਕ ਪੱਤਰਕਾਰ ਦੇ ਘਰ ਹੋਈ ਚੋਰੀ ਦੇ ਮਾਮਲੇ ਵਿਚ ਐੱਸ.ਐੱਸ.ਪੀ. ਦੇ ਦਖ਼ਲ ਤੋਂ ਬਾਅਦ ਪਰਚਾ ਤਾਂ ਦਰਜ ਕਰ ਲਿਆ ਗਿਆ ਸੀ। ਜਿਸ ਦੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਸੌਂਪੀ ਗਈ ਸੀ, ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਇਸੇ ਤਰ੍ਹਾਂ ਕਰੀਬ ਛੇ ਮਹੀਨੇ ਪਹਿਲਾਂ ਗਾਂਧੀ ਨਗਰ ਇਲਾਕੇ ਵਿਚ ਇਕ ਇਲੈਕਟ੍ਰਰਾਨਿਕ ਮੀਡੀਆ ਦੇ ਪੱਤਰਕਾਰ ਦੇ ਘਰ ਹੋਈ ਚੋਰੀ ਦਾ ਮਾਮਲਾ ਵੀ ਅਜੇ ਤੱਕ ਅਣਸੁਲਝਿਆ ਪਿਆ ਹੈ। ਨਿੱਤ ਦਿਹਾੜੇ ਹੁੰਦੀਆਂ ਚੋਰੀਆਂ ਤੋਂ ਅੱਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਥਾਣੇ ਅਤੇ ਪੁਲਿਸ ਨਾਕਿਆਂ ਦੇ ਨੇੜੇ ਵੀ ਚੋਰ ਬੇਖ਼ੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ’ਤੇ ਸਵਾਲ ਉੱਠਣਾ ਸੁਭਾਵਿਕ ਹੈ। ਉਨ੍ਹਾਂ ਨੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਅਤੇ ਪੁਰਾਣੇ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਥਾਣਾ ਸਿਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇ ਅਤੇ ਲੰਬੇ ਸਮੇਂ ਤੋਂ ਅਣਸੁਲਝੇ ਪਏ ਮਾਮਲਿਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇ।
ਸਾਲ ਭਰ ਤੋਂ ਅਣਸੁਲਝੇ ਚੋਰੀ ਕੇਸਾਂ ਦਰਮਿਆਨ ਚੋਰਾਂ ਨੇ ਮੁੜ ਸਿਟੀ ਪੁਲਿਸ ਨੂੰ ਦਿੱਤੀ ਚੁਣੌਤੀ
ਅਜੀਤ ਡੈਸਕ
17-06-2026