ਗੁਰੂਹਰਸਹਾਏ, 16 ਜੂਨ(ਹਰਚਰਨ ਸਿੰਘ ਸੰਧੂ)-ਪ੍ਰਾਈਵੇਟ ਸਕੂਲਾਂ ਵਲੋਂ ਪਹਿਲਾਂ ਹੀ ਜਿਥੇ ਬੱਚਿਆਂ ਦੀ ਪੜ੍ਹਾਈ ਲਈ ਫੀਸਾਂ ਮਹਿੰਗੀਆਂ ਕੀਤੀਆਂ ਹੋਈਆਂ ਹਨ ਅਤੇ ਕਈ ਤਰ੍ਹਾਂ ਦੇ ਹੋਰ ਖਰਚਿਆ ਰਾਹੀਂ ਬੱਚਿਆਂ ਦੇ ਮਾਪਿਆਂ ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਉਥੇ ਹੀ ਹੁਣ ਕਿਤਾਬਾਂ ਦੇ ਮਾਮਲਿਆਂ ਵਿਚ ਭਾਰੀ ਲੁਟ ਕਰਵਾਈ ਜਾ ਰਹੀ ਹੈ। ਕਸਬਾ ਗੁਰੂਹਰਸਹਾਏ ਅਤੇ ਉਸਦੇ ਆਸ ਪਾਸ ਦੇ ਇਲਾਕੇ ਵਿਚ ਪ੍ਰਾਈਵੇਟ ਸਕੂਲ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫਲੀਏਟਡ ਹਨ। ਉਹਨਾਂ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਕਿਤਾਬਾਂ ਅਤੇ ਸਲੇਬਸ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ, ਪ੍ਰੰਤੂ ਇਹਨਾਂ ਸਕੂਲਾਂ ਦੇ ਪ੍ਰਬੰਧਕ ਲੋਕਾਂ ਨੂੰ ਸੀ.ਬੀ.ਐਸ.ਈ ਬੋਰਡ ਦਾ ਬਹਾਨਾ ਲਗਾ ਕੇ ਪ੍ਰਾਈਵੇਟ ਏਜੰਸੀ ਦੀਆਂ ਕਿਤਾਬਾਂ ਸਕੂਲਾਂ ਵਿਚ ਵੇਚਣ ਦਾ ਧੰਦਾ ਜੋਰਾਂ ਤੇ ਕਰ ਰਹੇ ਹਨ। ਇਹ ਕਿਤਾਬਾਂ ਵੀ ਦੁਗਣੇ ਤਿਗਣੇ ਰੇਟਾਂ ’ਤੇ ਵੇਚੀਆਂ ਜਾਂਦੀਆਂ ਹਨ। ਜਿਸ ਨਾਲ ਗਰੀਬ ਬੱਚਿਆਂ ਦਾ ਪੜ੍ਹਨਾ ਮੁਸ਼ਕਲ ਹੋਇਆ ਪਿਆ ਹੈ। ਇਹ ਪ੍ਰਾਈਵੇਟ ਸਕੂਲਾਂ ਵਾਲੇ ਸਕੂਲਾਂ ਦੀ ਯੂਨੀਫਾਰਮ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਵੀ ਸਕੂਲਾਂ ਵਿਚੋਂ ਹੀ ਬੱਚਿਆਂ ਨੂੰ ਮਹਿੰਗੇ ਰੇਟ ਤੇ ਵੇਚਦੇ ਹਨ। ਪ੍ਰਾਈਵੇਟ ਸਕੂਲਾਂ ਵਾਲੇ ਗਿਆਰਵੀਂ ਅਤੇ ਬਾਰਵੀਂ ਸ਼੍ਰੇਣੀ ਵਿਚ ਬੱਚਿਆਂ ਦਾ ਜਾਅਲੀ / ਡੰਮੀ ਦਾਖਲਾ ਕਰਦੇ ਹਨ। ਇਹ ਬੱਚੇ ਪੜ੍ਹਦੇ ਕਿਸੇ ਹੋਰ ਸ਼ਹਿਰਾਂ ਵਿਚ ਹੁੰਦੇ ਹਨ, ਪਰੰਤੂ ਇਹਨਾਂ ਦੇ ਨਾਮ ਇਸ ਇਲਾਕੇ ਦੇ ਸਕੂਲਾਂ ਵਿਚ ਚਲਦੇ ਹਨ। ਜਿਸ ਕਾਰਨ ਇਹ ਬੱਚੇ ਪੇਪਰਾਂ ਵਿਚ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਜਾਂਦੇ ਹਨ। ਜਦ ਕਿ ਸਰਕਾਰੀ ਸਕੂਲਾਂ ਦੇ ਬੱਚੇ ਪਛੜ ਜਾਂਦੇ ਹਨ। ਕੀ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਇਸ ਵੱਲ ਧਿਆਨ ਦੇਵੇਗਾ, ਤਾਂ ਜ਼ੋ ਹੋਰ ਰਹੀ ਲੁੱਟ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਰੁਕ ਸਕੇ।