04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਦੇਵ ਸਮਾਜ ਕਾਲਜ ਫਾਰ ਵੁਮੈਨ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦਾ ਆਗਾਜ਼

ਅਜੀਤ ਡੈਸਕ 15-07-2026
ਫ਼ਿਰੋਜ਼ਪੁਰ, 14 ਜੁਲਾਈ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਿਤ ’ਏ’ ਪਲੱਸ ਗ੍ਰੇਡ ਪ੍ਰਾਪਤ ਦੇਵ ਸਮਾਜ ਕਾਲਜ ਫਾਰ ਵੁਮੈਨ, ਫ਼ਿਰੋਜ਼ਪੁਰ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਕਾਲਜ ਦੇ ਸਾਧਨਾ ਮੰਦਰ ਵਿਚ ਵਿਸ਼ੇਸ਼ ਸਭਾ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਦੇਵ ਸਮਾਜ ਦੀ ਸੈਕਟਰੀ ਅਤੇ ਕਾਲਜ ਦੀ ਚੇਅਰਪਰਸਨ ਡਾ.ਅਗਨੀਜ਼ ਢਿੱਲੋਂ ਨੇ ਭਗਵਾਨ ਦੇਵ ਆਤਮਾ ਨੂੰ ਪੁਸ਼ਪ ਭੇਟ ਕਰਕੇ ਕੀਤੀ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਸਮਾਗਮ ਵਿਚ ਪਹੁੰਚੇ ਦੇਵ ਸਮਾਜ ਦੇ ਅਹੁਦੇਦਾਰਾਂ, ਸਿੱਖਿਆ ਸੰਸਥਾਵਾਂ ਦੇ ਮੁਖੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਗੈਰ-ਅਧਿਆਪਕ ਸਟਾਫ਼ ਦਾ ਸਵਾਗਤ ਕੀਤਾ। ਇਸ ਮੌਕੇ ਮਾਨਵਿੰਦਰ ਸਿੰਘ ਮਾਂਗਟ, ਅਜੇ ਬੱਤਾ, ਡਾ.ਸੁਨੀਤਾ ਰੰਗਬੁੱਲਾ, ਡਾ.ਰਾਜਵਿੰਦਰ ਕੌਰ ਅਤੇ ਪ੍ਰਿਤਪਾਲ ਕੌਰ ਸਮੇਤ ਮੈਨੇਜਿੰਗ ਕੌਂਸਲ ਦੇ ਮੈਂਬਰ ਹਾਜ਼ਰ ਰਹੇ। ਡਾ. ਅਗਨੀਜ਼ ਢਿੱਲੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉੱਚੇ ਨੈਤਿਕ ਆਚਰਨ, ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਭਾਵਨਾ ਹੀ ਸੁਚੱਜੇ ਸਮਾਜ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਦੇਵ ਸਮਾਜ ਦੀਆਂ ਸਿੱਖਿਆ ਸੰਸਥਾਵਾਂ ਦਾ ਉਦੇਸ਼ ਵਿਦਿਆਰਥਣਾਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਵਿਚ ਉੱਚ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਵੀ ਹੈ। ਉਨ੍ਹਾਂ ਦੇਵ ਸਮਾਜ ਕਾਲਜ ਦੇ ਸਾਬਕਾ ਪ੍ਰਿੰਸੀਪਲ ਪੀ. ਵੀ. ਕਨਲ ਦੇ ਨਾਰੀ ਸਸ਼ਕਤੀਕਰਨ ਅਤੇ ਸਿੱਖਿਆ ਦੇ ਪ੍ਰਸਾਰ ਲਈ ਪਾਏ ਯੋਗਦਾਨ ਅਤੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੀ ਦੂਰਅੰਦੇਸ਼ੀ ਅਗਵਾਈ ਦਾ ਵੀ ਜ਼ਿਕਰ ਕੀਤਾ। ਸਮਾਗਮ ਦੌਰਾਨ ਸਵਰਗਵਾਸੀ ਜਗਦੀਸ਼ ਚੰਦਰ ਭਾਰਦਵਾਜ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਚੇਅਰਪਰਸਨ, ਮੈਨੇਜਿੰਗ ਕਮੇਟੀ ਦੇ ਮੈਂਬਰਾਂ ਅਤੇ ਪ੍ਰਾਸਪੈਕਟਸ ਕਮੇਟੀ ਵਲੋਂ ਭਗਵਾਨ ਦੇਵ ਆਤਮਾ ਜੀ ਦੇ ਅਸ਼ੀਰਵਾਦ ਨਾਲ ਨਵੇਂ ਅਕਾਦਮਿਕ ਸੈਸ਼ਨ 2026-27 ਦਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ।
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸੋਢੀ ਨਗਰ ਨੂੰ ‘ਵੀਰਬੈਕ’ ਕੰਪਨੀ ਵਲੋਂ ਆਰ.ਓ. ਭੇਟ ਅਗਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ-ਘਰ ’ਚ ਦਾਖਲ ਹੋ ਕੇ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।