ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਟ
ਅਜੀਤ ਡੈਸਕ
01-08-2026
ਫਿਰੋਜ਼ਪੁਰ, 31 (ਸੁਖਵਿੰਦਰ ਸਿੰਘ)-ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਭਾਜਪਾ ਆਗੂ ਅਨੁਮਿਤ ਹੀਰਾ ਸੋਢੀ ਦੇ ਨਾਲ ਭਾਜਪਾ ਕੌਂਸਲਰਾਂ ਅਤੇ ਹੋਰਾਂ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਨਮਨ ਕੀਤਾ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਅਤੇ ਸ਼ਹੀਦ ਊਧਮ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ। ਇਸ ਮੌਕੇ ਅਨੂਮੀਤ ਹੀਰਾ ਸੋਢੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਆਪਣੇ ਅਦੁੱਤੀ ਸਾਹਸ, ਦੇਸ਼-ਪ੍ਰੇਮ ਅਤੇ ਬੇਮਿਸਾਲ ਜਜ਼ਬੇ ਨਾਲ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਇਤਿਹਾਸਕ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ਼ ਕਤਲੇਆਮ ਦੇ ਸ਼ਹੀਦਾਂ ਦਾ ਬਦਲਾ ਲੈ ਕੇ ਸ਼ਹੀਦ ਊਧਮ ਸਿੰਘ ਨੇ ਅੰਗਰੇਜ਼ ਹਕੂਮਤ ਨੂੰ ਇਹ ਸੰਦੇਸ਼ ਦਿੱਤਾ ਕਿ ਭਾਰਤ ਦੇ ਸੂਰਮੇ ਆਪਣੇ ਦੇਸ਼ ਅਤੇ ਲੋਕਾਂ ’ਤੇ ਹੋਏ ਅੱਤਿਆਚਾਰਾਂ ਨੂੰ ਕਦੇ ਨਹੀਂ ਭੁੱਲਦੇ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ, ਉੱਚਾ ਕਿਰਦਾਰ, ਦੂਰਅੰਦੇਸ਼ੀ ਸੋਚ ਅਤੇ ਦੇਸ਼ ਭਗਤੀ ਦਾ ਜਜ਼ਬਾ ਹਰ ਭਾਰਤੀ ਲਈ ਪੇ੍ਰਨਾ ਸਰੋਤ ਹੈ। ਇਸ ਮੌਕੇ ਭਾਜਪਾ ਦੇ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਰਹੇ, ਜਿਨ੍ਹਾਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਉਨ੍ਹਾਂ ਦੀ ਅਮਰ ਕੁਰਬਾਨੀ ਨੂੰ ਨਮਨ ਕੀਤਾ। ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਦੇ ਪ੍ਰਬੰਧਕਾਂ ਨੇ ਅਨੁਮਿਤ ਹੀਰਾ ਸੋਢੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।
ਵਰਦੇਵ ਸਿੰਘ ਨੋਨੀ ਮਾਨ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ
ਗੁਰੂਹਰਸਹਾਏ, (ਕਪਿਲ ਕੰਧਾਰੀ)-ਮਹਾਨ ਆਜ਼ਾਦੀ ਸੈਨਾਨੀ ਅਤੇ ਜਲਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਅਮਰ ਯੋਗਦਾਨ ਪਾਉਣ ਵਾਲੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਗੁਰੂਹਰਸਹਾਏ ਵਿਖੇ ਬਣੇ ਉਨ੍ਹਾਂ ਦੇ ਬੁੱਤ ’ਤੇ ਹਾਰ ਪਾਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਨਿੱਘੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੀਵਨ ਦੇਸ਼ ਭਗਤੀ, ਨਿਡਰਤਾ ਅਤੇ ਕੁਰਬਾਨੀ ਦੀ ਅਦੁੱਤੀ ਮਿਸਾਲ ਹੈ। ਉਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਵਾਸੀਆਂ ਦੇ ਸਵਾਭਿਮਾਨ ਲਈ ਆਪਣਾ ਸਰਵੋੱਚ ਬਲਿਦਾਨ ਦਿੱਤਾ। ਇਸ ਮੌਕੇ ਹਾਜ਼ਰ ਅਕਾਲੀ ਆਗੂ ਨੀਰਜ ਸਹਿਗਲ, ਗੌਰਵ ਸਚਦੇਵਾ, ਪ੍ਰੇਮ ਸਚਦੇਵਾ, ਮਨਜੀਤ ਸਿੰਘ, ਮੋਨੂ ਸ਼ਰਮਾ, ਰਚਿਤ ਸੋਡੀ ਕੌਂਸਲਰ, ਰਵਿੰਦਰ ਕੁਮਾਰ ਰਵੀ ਕੌਂਸਲਰ, ਤਿਲਕ ਰਾਜ ਗੋਲੂ ਕੇ, ਡੋਗਰ ਅਤੇ ਵਰਕਰਾਂ ਨੇ ਵੀ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨੂੰ ਨਮਨ ਕੀਤਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਹਾਜ਼ਰ ਸਮੂਹ ਵਰਕਰਾਂ ਨੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਆਦਰਸ਼ਾਂ ’ਤੇ ਚੱਲਣ ਅਤੇ ਸਮਾਜ ਦੀ ਭਲਾਈ ਲਈ ਨਿਰੰਤਰ ਕੰਮ ਕਰਨ ਦਾ ਸੰਕਲਪ ਵੀ ਲਿਆ।
ਵਿਧਾਇਕਾਂ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਊਧਮ ਸਿੰਘ ਦੇ ਆਦਮਕੱਦ ਬੁੱਤ ’ਤੇ ਫੁੱਲ ਮਾਲਾਵਾਂ ਅਰਪਿਤ
ਫ਼ਿਰੋਜ਼ਪੁਰ, (ਕੁਲਬੀਰ ਸਿੰਘ ਸੋਢੀ)-ਸ਼ਹੀਦ-ਏ-ਆਜ਼ਮ ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਵਸ ਮੌਕੇ ਦੇਸ਼ ਭਰ ਵਿਚ ਉਨ੍ਹਾਂ ਨੂੰ ਪੂਰੀ ਸ਼ਰਧਾ, ਠਾਠ ਅਤੇ ਸਤਿਕਾਰ ਨਾਲ ਯਾਦ ਕੀਤਾ ਗਿਆ। ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ ਦੇ ਸ਼ਹਾਦਤ ਦਿਵਸ ’ਤੇ ਫ਼ਿਰੋਜ਼ਪੁਰ ਵਿਖੇ ਇਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਕੱਤਰ ਹੋਈਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਹੀਦ ਊਧਮ ਸਿੰਘ ਜੀ ਦੇ ਬੇਮਿਸਾਲ ਬਲਿਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਨਾ ਸਰੋਤ ਬਣੀ ਰਹੇਗੀ। ਸਮਾਗਮ ਦੌਰਾਨ ਧਾਰਮਿਕ ਸ਼ਖ਼ਸੀਅਤਾਂ ਵਜੋਂ ਗੁਰਦੁਆਰਾ ਬਾਜੀਦਪੁਰ ਸਾਹਿਬ ਦੇ ਕਾਰ ਸੇਵਾ ਇੰਚਾਰਜ ਬਾਬਾ ਗੁਰਮੇਲ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਬਾਬਾ ਬਿਲੰਬਰ ਸਿੰਘ ਵਲੋਂ ਦੇਸ਼ ਦੀ ਚੜ੍ਹਦੀ ਕਲਾ ਅਤੇ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਕੀਤੀ ਗਈ। ਸ਼ਰਧਾਂਜਲੀ ਸਮਾਗਮ ਵਿਚ ਇਲਾਕੇ ਦੀਆਂ ਕਈ ਮੁੱਖ ਸਨਮਾਨਿਤ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਦਰਸ਼ਨ ਸਿੰਘ ਸ਼ੇਰ ਖਾਂ, ਕਰਤਾਰ ਸਿੰਘ ਰੁਕਨਾ ਮੁਗਲਾ, ਬਾਪੂ ਬਖਸ਼ੀਸ਼ ਸਿੰਘ, ਭਾਗ ਸਿੰਘ ਆਂਸਲ ਸਾਬਕਾ ਸਰਪੰਚ ਸ਼ਾਮਿਲ ਸਨ। ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਪਹੁੰਚੇ। ਇਨ੍ਹਾਂ ਵਿਚ ਮੁੱਖ ਤੌਰ ’ਤੇ ਰਣਬੀਰ ਸਿੰਘ ਭੁੱਲਰ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ, ਰਜ਼ਨੀਸ ਕੁਮਾਰ ਦਹੀਆ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਅਨੁਮੀਤ ਸਿੰਘ ਹੀਰਾ ਸੋਢੀ ਬੀ.ਜੇ.ਪੀ ਆਗੂ ਹੋਰ ਅਹੁਦੇਦਾਰ ਅਤੇ ਸੰਗਤ ਦੀ ਭਰਵੀਂ ਹਾਜ਼ਰੀ ਰਹੀ। ਇਸ ਮੌਕੇ ਸ਼ਹਿਰ ਦੇ ਕਈ ਪ੍ਰਸ਼ਾਸਨਿਕ, ਸਮਾਜਿਕ ਅਤੇ ਸਥਾਨਕ ਆਗੂ ਵੀ ਹਾਜ਼ਰ ਰਹੇ। ਇਨ੍ਹਾਂ ਵਿਚ ਭਗਵਾਨ ਸਿੰਘ ਸਾਮਾ ਪ੍ਰਧਾਨ, ਐਡਵੋਕੇਟ ਬਲਜੀਤ ਸਿੰਘ, ਜਸਪਾਲ ਹਾਂਡਾ ਐਕਸਾਈਜ਼ ਇੰਸਪੈਕਟਰ, ਸਿਵਲ ਡਿਫੈਂਸ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ, ਹਰਚਰਨ ਸਿੰਘ ਸਾਮਾ ਨੂਰਪੁਰ ਸੇਠਾਂ, ਜ਼ਿਲ੍ਹਾ ਚੇਅਰਮੈਨ ਕੰਬੋਜ ਭਲਾਈ ਬੋਰਡ ਅਤੇ ਸਰਪੰਚ ਬਲਵਿੰਦਰ ਸਿੰਘ ਬਿੰਦੂ, ਸੁੱਚਾ ਸਿੰਘ ਟਿੱਬੀ, ਸੁੱਚਾ ਸਿੰਘ ਲੋਹਗੜ੍ਹ, ਪਰਮਜੀਤ ਸਿੰਘ ਜੰਮੂ, ਸ਼ਮਸ਼ੇਰ ਸਿੰਘ ਖਾਈ, ਗੁਰਦੀਪ ਸਿੰਘ ਭਗਤ, ਦਰਸ਼ਨ ਸਿੰਘ ਇੱਛੇ ਵਾਲਾ, ਬਾਜ ਸਿੰਘ ਥਿੰਦ, ਜਗਦੀਪ ਕੰਬੋਜ, ਅਸ਼ੋਕ ਸਚਦੇਵਾ ਪ੍ਰਧਾਨ ਨਗਰ ਕੌਂਸਲ, ਬੋਹੜ ਸਿੰਘ ਵਾਈਸ ਪ੍ਰਧਾਨ ਨਗਰ ਕੌਂਸਲ ਫ਼ਿਰੋਜ਼ਪੁਰ, ਲਖਵਿੰਦਰ ਸਿੰਘ ਨਾਗਪਾਲ ਐੱਮ.ਸੀ, ਸੁਖਦੇਵ ਕੰਬੋਜ ਚੇਅਰਮੈਨ ਪੰਜਾਬ ਟਰੇਡਰਜ਼ ਕਮਿਸ਼ਨ, ਪਰਮਿੰਦਰ ਹਾਂਡਾ, ਸੁੰਦਰ ਲਾਲ ਸਰਪੰਚ ਰੁਕਣਾ ਮੰਗਲਾ, ਹਰਪ੍ਰੀਤ ਸਿੰਘ ਸ਼ੇਰ ਖਾਂ, ਜਸਬੀਰ ਸਿੰਘ ਮਾਛੀਵਾੜਾ, ਗੁਰਮੀਤ ਸਿੰਘ ਮੱਲੂਵਾਲਾ ਅਤੇ ਮੱਖਣ ਸਿੰਘ ਹਾਂਡਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸ਼ਹੀਦ-ਏ-ਆਜ਼ਮ ਨੂੰ ਆਪਣੇ ਸ਼ਰਧਾ ਸੁਮਨ ਅਰਪਿਤ ਕੀਤੇ।
ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਅਤੇ ਕਾਂਗਰਸੀ ਵਰਕਰਾਂ ਵਲੋਂ ਸ਼ਹੀਦੀ ਦਿਹਾੜੇ ਮੌਕੇ ਭਾਵਭਿੰਨੀ ਸ਼ਰਧਾਂਜਲੀ ਭੇਟ
ਗੁਰੂਹਰਸਹਾਏ, (ਕਪਿਲ ਕੰਧਾਰੀ)-ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਅਤੇ ਸ਼ਹਿਰ ਦੇ ਕਾਂਗਰਸੀ ਵਰਕਰਾਂ ਅਤੇ ਨਵੇਂ ਬਣੇ ਕੌਂਸਲਰਾਂ ਵਲੋਂ ਮਹਾਨ ਕ੍ਰਾਂਤੀਕਾਰੀ ਅਤੇ ਆਜ਼ਾਦੀ ਦੇ ਮਹਾਨ ਸੂਰਮੇ ਸ਼ਹੀਦ ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸਮਾਜ ਦੇ ਆਗੂਆਂ ਅਤੇ ਮੈਂਬਰਾਂ ਨੇ ਸ਼ਹੀਦ ਊਧਮ ਸਿੰਘ ਦੀ ਮਹਾਨ ਕੁਰਬਾਨੀ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਦੇਸ਼ ਪ੍ਰਤੀ ਸਮਰਪਣ ਨੂੰ ਯਾਦ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਰਾਸ਼ਟਰੀ ਪ੍ਰਧਾਨ ਇਕਬਾਲ ਚੰਦ ਪਾਲਾ ਬੱਟੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜੱਲਿਆਂਵਾਲਾ ਬਾਗ਼ ਦੇ ਨਿਰਦੋਸ਼ ਸ਼ਹੀਦਾਂ ਦਾ ਬਦਲਾ ਲੈ ਕੇ ਦੇਸ਼ ਦੇ ਇਤਿਹਾਸ ਵਿਚ ਅਮਰ ਸਥਾਨ ਹਾਸਿਲ ਕੀਤਾ। ਉਨ੍ਹਾਂ ਦਾ ਜੀਵਨ ਦੇਸ਼-ਭਗਤੀ, ਹਿੰਮਤ, ਨਿਆਂ ਅਤੇ ਕੁਰਬਾਨੀ ਦੀ ਅਨੋਖੀ ਮਿਸਾਲ ਹੈ। ਇਕਬਾਲ ਚੰਦ ਪਾਲਾ ਬੱਟੀ ਨੇ ਕਿਹਾ ਕਿ ਸਮਾਜ ਵਲੋਂ ਹਰ ਸਾਲ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਵਿਚ ਦੇਸ਼-ਪ੍ਰੇਮ ਦੀ ਭਾਵਨਾ ਮਜ਼ਬੂਤ ਹੋਵੇ। ਇਸ ਸ਼ਰਧਾਂਜਲੀ ਸਮਾਗਮ ’ਚ ਸੁਦਰਸ਼ਨ ਕੰਬੋਜ, ਗੌਰਵ ਕੰਬੋਜ, ਮਿਲਖ ਰਾਜ, ਜਗਸੀਰ ਚੰਦ, ਬਲਕਾਰ ਸਿੰਘ ਸਰਪੰਚ, ਸੁਰਜੀਤ ਸਿੰਘ, ਲਾਭ ਚੰਦ, ਅਸ਼ੋਕ ਜੰਡਵਾਲਾ, ਮਹਿੰਦਰ ਪਾਲ, ਡੀ.ਸੀ. ਕੰਬੋਜ, ਹਰਕ੍ਰਿਸ਼ਨ ਸ਼ੇਖੜਾ, ਗੁਰਜੋਤ ਸੰਧਾ, ਸਰਦਾਰ ਜੀ ਟੇਲਰ, ਸੰਤ ਪਾਲ (ਜ਼ਿਲ੍ਹਾ ਪ੍ਰਧਾਨ, ਕਿਸਾਨ ਯੂਨੀਅਨ), ਗੁਰਮੀਤ ਮੈਂਬਰ, ਬਲਦੇਵ ਨੰਬਰਦਾਰ, ਭੀਮ ਕੰਬੋਜ, ਸੁੱਖਾ, ਸ਼ਿੰਦਰਪਾਲ ਸਿੰਘ, ਭੋਲਾ, ਆਤਮਜੀਤ ਸਿੰਘ, ਡੇਵਿਡ, ਕਸ਼ਮੀਰ ਬਾਜੇਕੇ, ਲਾਲ ਚੰਦ (ਸਾਬਕਾ ਸਰਪੰਚ), ਪੱਪੂ ਸੰਧਾ,ਕੌਂਸਲਰ ਅਮਨ ਦੁੱਗਲ, ਕੌਂਸਲਰ ਰਜਿੰਦਰ ਕੁਮਾਰ, ਬੰਟੀ ਭਟੇਜਾ, ਅਮਰ ਕੰਬੋਜ ਸਮੇਤ ਵੱਡੀ ਗਿਣਤੀ ਵਿਚ ਸਮਾਜ ਦੇ ਮੈਂਬਰ ਕਾਂਗਰਸੀ ਵਰਕਰ ਅਤੇ ਪਤਵੰਤੇ ਹਾਜ਼ਰ ਸਨ।
ਸ਼ਹੀਦ-ਏ-ਆਜ਼ਮ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵਿਧਾਇਕ ਭੁੱਲਰ ਨੇ ਸ਼ਰਧਾ ਦੇ ਫੁੱਲ ਭੇਟ
ਸ਼ਹੀਦਾਂ ਦੇ ਦਿਖਾਏ ਗਏ ਸੱਚ, ਇਨਸਾਫ਼ ਅਤੇ ਦੇਸ਼ ਸੇਵਾ ਦੇ ਰਾਹ ’ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ-ਭੁੱਲਰ
ਫ਼ਿਰੋਜ਼ਪੁਰ, (ਕੁਲਬੀਰ ਸਿੰਘ ਸੋਢੀ)-ਸ਼ਹੀਦ-ਏ-ਆਜ਼ਮ ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਵਸ ਮੌਕੇ ਦੇਸ਼ ਭਰ ਵਿਚ ਉਨ੍ਹਾਂ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਮਹਾਨ ਸ਼ਹੀਦ ਨੂੰ ਕੋਟਿ-ਕੋਟਿ ਨਮਨ ਕਰਦਿਆਂ ਉਨ੍ਹਾਂ ਦੇ ਦੇਸ਼ ਲਈ ਦਿੱਤੇ ਬੇਮਿਸਾਲ ਬਲਿਦਾਨ ਨੂੰ ਯਾਦ ਕੀਤਾ। ਇਸ ਦੇ ਚੱਲਦੇ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਮੁੱਖ ਚੌਕ ਊਧਮ ਸਿੰਘ ਵਿਖੇ ਲੱਗੇ ਸ਼ਹੀਦ-ਏ-ਆਜ਼ਮ ਊਧਮ ਸਿੰਘ ਨੇ ਆਦਮਕੱਦ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ਼ ਦੇ ਨਿਰਦੋਸ਼ ਸ਼ਹੀਦਾਂ ਦੇ ਕਤਲੇਆਮ ਦਾ ਬਦਲਾ ਲੈ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ’ਚ ਇਤਿਹਾਸਕ ਯੋਗਦਾਨ ਪਾਇਆ। ਜਿਸ ਸਦਕਾ ਉਨ੍ਹਾਂ ਦੀ ਹਿੰਮਤ, ਦੇਸ਼-ਭਗਤੀ ਅਤੇ ਕੁਰਬਾਨੀ ਨੇ ਪੂਰੀ ਦੁਨੀਆ ਵਿਚ ਭਾਰਤੀਆਂ ਦੇ ਸਵਾਭਿਮਾਨ ਦਾ ਝੰਡਾ ਬੁਲੰਦ ਕੀਤਾ। ਵਿਧਾਇਕ ਭੁੱਲਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੀਵਨ ਨੌਜਵਾਨ ਪੀੜ੍ਹੀ ਲਈ ਪੇ੍ਰਨਾ ਸਰੋਤ ਹੈ ਅਤੇ ਉਨ੍ਹਾਂ ਵਲੋਂ ਦਿਖਾਏ ਗਏ ਸੱਚ, ਇਨਸਾਫ਼ ਅਤੇ ਦੇਸ਼ ਸੇਵਾ ਦੇ ਰਾਹ ’ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਉਨ੍ਹਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸ਼ਹੀਦ ਊਧਮ ਸਿੰਘ ਦੇ ਸੁਪਨਿਆਂ ਦਾ ਸਤਿਕਾਰ ਕਰਦੇ ਹੋਏ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਹਾਜ਼ਰ ਸ਼ਹੀਦ ਊਧਮ ਸਿੰਘ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਸਾਥੀਆਂ ਵਲੋਂ ਵਿਧਾਇਕ ਭੁੱਲਰ ਨੂੰ ਸਿਰੋਪਾ ਭੇਂਟ ਕੀਤਾ ਗਿਆ। ਇਸ ਦੇ ਨਾਲ ਊਧਮ ਸਿੰਘ ਚੌਂਕ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹਾਦਤੀ ਦਿਵਸ ’ਤੇ ਉਨ੍ਹਾਂ ਦੇ ਲੱਗੇ ਆਦਮਕੱਦ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੱਡੀ ਸੰਖਿਆ ਵਿਚ ਲੋਕ ਪਹੁੰਚੇ ਹੋਏ ਸਨ।