ਫਿਰੋਜ਼ਪੁਰ, 31 ਜੁਲਾਈ (ਰਾਕੇਸ਼ ਚਾਵਲਾ)-ਆਉਣ ਵਾਲੇ 15 ਅਗਸਤ 2026 ਦੇ ਮੱਦੇਨਜ਼ਰ ਰੇਲਵੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਾਣਯੋਗ ਸਪੈਸ਼ਲ ਡੀ.ਜੀ.ਪੀ. ਜੀ.ਆਰ.ਪੀ. ਪਟਿਆਲਾ ਅਤੇ ਡੀ.ਐੱਸ.ਪੀ. ਜ਼ੋਨਲ ਜੀ.ਆਰ.ਪੀ. ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੀ.ਆਰ.ਪੀ. ਥਾਣਾ ਫਿਰੋਜ਼ਪੁਰ ਵਲੋਂ ਆਰ.ਪੀ.ਐੱਫ. ਅਤੇ ਡੌਗ ਸਕੂਐਡ ਦੇ ਸਹਿਯੋਗ ਨਾਲ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਪੈਸੇਂਜਰ ਅਵੇਰਨੈੱਸ ਅਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਰੇਲਵੇ ਮੁਸਾਫ਼ਰਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਣਾ ਸੀ। ਸਰਚ ਆਪ੍ਰੇਸ਼ਨ ਦੌਰਾਨ ਪੁਲਿਸ ਅਤੇ ਸੁਰੱਖਿਆ ਟੀਮਾਂ ਨੇ ਰੇਲਵੇ ਸਟੇਸ਼ਨ ਦੇ ਸਾਰੇ ਪਲੇਟਫ਼ਾਰਮਾਂ, ਟਰੇਨਾਂ, ਵੇਟਿੰਗ ਹਾਲ, ਟਿਕਟ ਕਾਊਂਟਰ, ਮੋਟਰਸਾਈਕਲ ਪਾਰਕਿੰਗ, ਐਂਟਰੀ ਅਤੇ ਐਗਜ਼ਿਟ ਗੇਟਾਂ ਸਮੇਤ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਡੌਗ ਸਕੂਐਡ ਦੀ ਮਦਦ ਨਾਲ ਲਾਵਾਰਿਸ ਸਾਮਾਨ ਅਤੇ ਸ਼ੱਕੀ ਵਸਤੂਆਂ ਦੀ ਵੀ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਸਟੇਸ਼ਨ ’ਤੇ ਮੌਜ਼ੂਦ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਪੁੱਛਗਿੱਛ ਅਤੇ ਤਸਦੀਕ ਵੀ ਕੀਤੀ ਗਈ। ਥਾਣਾ ਮੁਖੀ ਜੀ.ਆਰ.ਪੀ.ਨਵੀਨ ਕੁਮਾਰ ਅਤੇ ਇੰਸਪੈਕਟਰ ਕ੍ਰਿਸ਼ਨ ਅਰੋੜਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਕਿਸੇ ਵੀ ਕਿਸਮ ਦੀ ਸ਼ੱਕੀ ਵਸਤੂ, ਲਾਵਾਰਿਸ ਸਾਮਾਨ ਜਾਂ ਸ਼ੱਕੀ ਵਿਅਕਤੀ ਨਹੀਂ ਮਿਲਿਆ, ਜਿਸ ਨਾਲ ਸੁਰੱਖਿਆ ਏਜੰਸੀਆਂ ਨੇ ਰਾਹਤ ਮਹਿਸੂਸ ਕੀਤੀ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ’ਤੇ ਸਫ਼ਰ ਕਰ ਰਹੇ ਯਾਤਰੀਆਂ ਨੂੰ ਸੁਰੱਖਿਆ ਸਬੰਧੀ ਜਾਗਰੂਕ ਵੀ ਕੀਤਾ ਗਿਆ। ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਦੇ ਅਧਿਕਾਰੀਆਂ ਨੇ ਕਿਹਾ ਕਿ ਆਜ਼ਾਦੀ ਦਿਵਸ ਤੋਂ ਪਹਿਲਾਂ ਸਾਰੇ ਰੇਲਵੇ ਸਟੇਸ਼ਨਾਂ ’ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾ ਰਹੇ ਹਨ ਅਤੇ ਇਸ ਤਰ੍ਹਾਂ ਦੀਆਂ ਚੈਕਿੰਗ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਯਾਤਰੀਆਂ ਦਾ ਸਹਿਯੋਗ ਹੀ ਸੁਰੱਖਿਅਤ ਅਤੇ ਸੁਖਦਾਈ ਰੇਲ ਸਫ਼ਰ ਦੀ ਸਭ ਤੋਂ ਵੱਡੀ ਗਾਰੰਟੀ ਹੈ। ਪੁਲਿਸ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਸੁਰੱਖਿਆ ਬਲਾਂ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ।