ਗੁਰੂਹਰਸਹਾਏ, 23 ਸਤੰਬਰ (ਕਪਿਲ ਕੰਧਾਰੀ)- ਬਾਬਾ ਫਰੀਦ ਆਈ.ਟੀ.ਆਈ ਗੁਰੂਹਰਸਹਾਏ ਵਿਖੇ ਆਈ.ਟੀ.ਸੀ ਲਿਮਟਿਡ ਫੂਡ ਡਿਵੀਜ਼ਨ, ਕਪੂਰਥਲਾ ਵਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰੁਜ਼ਗਾਰ ਮੇਲਾ ਲਗਾਇਆ ਗਿਆ। ਰੁਜ਼ਗਾਰ ਮੇਲੇ ਵਿਚ ਐਸ.ਸੀ.ਵੀ.ਟੀ. ਤੇ ਐਨ.ਸੀ.ਵੀ.ਟੀ. ਬੋਰਡ ਤੋਂ ਮਾਨਤਾ ਪ੍ਰਾਪਤ ਵੱਖ-ਵੱਖ ਟਰੇਡਾਂ, ਜਿਨ੍ਹਾਂ ਵਿਚ ਇਲੈਕਟ੍ਰਰੀਸ਼ੀਅਨ, ਵੈਲਡਰ, ਕੋਪਾ ਆਦਿ ਸ਼ਾਮਲ ਹਨ, ਦੇ ਆਈ.ਟੀ.ਆਈ. ਪਾਸ 100 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕੰਪਨੀ ਦੇ ਨੁਮਾਇੰਦਿਆਂ ਵਲੋਂ ਰੁਜ਼ਗਾਰ ਲਈ ਪਹੁੰਚੇ ਉਮੀਦਵਾਰਾਂ ਦਾ ਲਿਖਤੀ ਟੈੱਸਟ ਲਿਆ ਗਿਆ। ਟੈੱਸਟ ਵਿਚ ਵਿਦਿਆਰਥੀਆਂ ਦੀ ਤਕਨੀਕੀ ਯੋਗਤਾ, ਵਿਸ਼ੇ ਨਾਲ ਸਬੰਧਿਤ ਗਿਆਨ ਤੇ ਹੁਨਰ ਦੀ ਪਰਖ ਕੀਤੀ ਜਾ ਰਹੀ ਹੈ। ਟੈੱਸਟ ਦੇ ਨਤੀਜਿਆਂ ਦੇ ਆਧਾਰ ’ਤੇ ਯੋਗ ਉਮੀਦਵਾਰਾਂ ਨੂੰ ਅਗਲੇ ਪੜਾਅ ਲਈ ਇੰਟਰਵਿਊ ਵਿਚ ਸ਼ਾਮਲ ਕੀਤਾ ਜਾਵੇਗਾ। ਬਾਬਾ ਫਰੀਦ ਆਈ.ਟੀ.ਆਈ. ਗੁਰੂਹਰਸਹਾਏ ਦੇ ਚੇਅਰਮੈਨ ਦਵਿੰਦਰ ਭਨੋਟ ਨੇ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸਿਰਫ਼ ਤਕਨੀਕੀ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ, ਸਗੋਂ ਉਨ੍ਹਾਂ ਨੂੰ ਸਿੱਖਿਆ ਪੂਰੀ ਕਰਨ ਉਪਰੰਤ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ।