31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਨਸ਼ਾ ਤੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਫ਼ਿਰੋਜ਼ਪੁਰ ਪੁਲਿਸ ਦਾ ‘ਆਪ੍ਰੇਸ਼ਨ ਕਲੀਨਅੱਪ’ ਜਾਰੀ

ਅਜੀਤ ਡੈਸਕ 18-06-2026

ਫ਼ਿਰੋਜ਼ਪੁਰ, 17 ਜੂਨ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਮਾਰਚ 2025 ਤੋਂ ਹੁਣ ਤੱਕ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਦਰਜ 2499 ਮੁਕੱਦਮਿਆਂ ਵਿਚ 3071 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕਾਰਵਾਈਆਂ ਦੌਰਾਨ ਅਰਬਾਂ ਰੁਪਏ ਮੁੱਲ ਦੀ ਹੈਰੋਇਨ, ਹੋਰ ਨਸ਼ੀਲੇ ਪਦਾਰਥ, ਡਰੱਗ ਮਨੀ ਅਤੇ ਭਾਰੀ ਮਾਤਰਾ ਵਿਚ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈਆਂ ਜਾ ਰਹੀਆਂ ਵਿਸ਼ੇਸ਼ ਮੁਹਿੰਮਾਂ ਤਹਿਤ ਜ਼ਿਲ੍ਹਾ ਪੁਲਿਸ, ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਅਤੇ ਜ਼ੀਰਾ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਅਤੇ ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ’ਤੇ ਜ਼ੀਰਾ ਪੁਲਿਸ ਵਲੋਂ ਮਾਰਚ 2025 ਤੋਂ ਹੁਣ ਤੱਕ 3071 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 425 ਕਿੱਲੋ 345 ਗ੍ਰਾਮ ਹੈਰੋਇਨ, 1344 ਕਿੱਲੋ 342 ਗ੍ਰਾਮ ਭੁੱਕੀ ਚੂਰਾ ਪੋਸਤ, 34 ਕਿੱਲੋ 122 ਗ੍ਰਾਮ ਅਫ਼ੀਮ, 19 ਲੱਖ 18 ਹਜ਼ਾਰ 267 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 22 ਕਿੱਲੋ 604 ਗ੍ਰਾਮ ਗਾਂਜਾ, 5 ਕਿੱਲੋ 788 ਗ੍ਰਾਮ ਆਈਸ ਡਰੱਗ ਅਤੇ 16 ਲੱਖ 86 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਨਾਲ-ਨਾਲ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਇਸ ਸਮੇਂ ਦੌਰਾਨ 145 ਪਿਸਤੌਲਾਂ ਸਮੇਤ 76 ਮੈਗਜ਼ੀਨ ਅਤੇ 33 ਕਾਰਤੂਸ, 16 ਕੰਟਰੀਮੇਡ ਪਿਸਤੌਲਾਂ ਸਮੇਤ 9 ਮੈਗਜ਼ੀਨ ਅਤੇ 58 ਕਾਰਤੂਸ, 3 ਰਾਈਫਲਾਂ (.315 ਬੋਰ) ਸਮੇਤ 82 ਕਾਰਤੂਸ, ਇੱਕ ਪੰਪ ਐਕਸ਼ਨ ਗੰਨ (12 ਬੋਰ) ਸਮੇਤ 49 ਕਾਰਤੂਸ, 4 ਰਿਵਾਲਵਰ (.32 ਬੋਰ) ਸਮੇਤ 9 ਕਾਰਤੂਸ ਅਤੇ ਇੱਕ ਏਕੇ-47 ਰਾਈਫ਼ਲ ਸਮੇਤ 43 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕਈ ਮਾਮਲਿਆਂ ਵਿਚ ਪਾਕਿਸਤਾਨ ਆਧਾਰਿਤ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਸਥਾਨਕ ਸਾਥੀਆਂ ਵਿਚਕਾਰ ਸੰਬੰਧਾਂ ਦਾ ਖ਼ੁਲਾਸਾ ਹੋਇਆ ਹੈ। ਸਰਹੱਦ ਪਾਰ ਤੋਂ ਡਰੋਨਾਂ ਅਤੇ ਹੋਰ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਭੇਜੀ ਜਾ ਰਹੀ ਹੈਰੋਇਨ ਦੀ ਸਪਲਾਈ ਲੜੀ ਨੂੰ ਤੋੜਨ ਲਈ ਪੁਲਿਸ ਵਲੋਂ ਕੇਂਦਰੀ ਏਜੰਸੀਆਂ ਅਤੇ ਸਰਹੱਦੀ ਸੁਰੱਖਿਆ ਬਲਾਂ ਨਾਲ ਮਿਲ ਕੇ ਕਾਰਵਾਈ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਕਈ ਤਸਕਰਾਂ ਤੋਂ ਪੁੱਛਗਿੱਛ ਦੌਰਾਨ ਸਰਹੱਦ ਪਾਰ ਬੈਠੇ ਨਸ਼ਾ ਸਪਲਾਇਰਾਂ ਅਤੇ ਹਵਾਲਾ ਨੈੱਟਵਰਕਾਂ ਬਾਰੇ ਵੀ ਅਹਿਮ ਜਾਣਕਾਰੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਪੁਲਿਸ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਆਪਣੀ ਮੁਹਿੰਮ ਲਗਾਤਾਰ ਜਾਰੀ ਰੱਖੇਗੀ ਅਤੇ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।

ਪਿਛਲੀ ਖ਼ਬਰ ਸਰਹੰਦ ਫ਼ੀਡਰ ’ਚ ਵਿਰਕਾਂਵਾਲੀ ਅਤੇ ਭੜਾਨਾ ਵਿਚਾਲੇ ਪੱਟੜੀ ’ਤੇ ਖਾਰ ਨੂੰ ਪਿੰਡ ਵਾਸੀਆਂ ਨੇ ਮੁਸਤੈਦੀ ਨਾਲ ਪੂਰਿਆ * ਸਮਰ... ਅਗਲੀ ਖ਼ਬਰ ਅੰਮ੍ਰਿਤਸਰ ਸਟੇਸ਼ਨ ਜਲਦੀ ਖ਼ਰਾਬ ਹੋਣ ਵਾਲੇ ਫਲਾਂ ਦੀ ਬੁਕਿੰਗ ਦਾ ਪ੍ਰਮੁੱਖ ਕੇਂਦਰ ਬਣ ਕੇ ਉੱਭਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।