ਖੋਸਾ ਦਲ ਸਿੰਘ, 17 ਜੂਨ (ਮਨਪ੍ਰੀਤ ਸਿੰਘ ਸੰਧੂ)-ਹਰੀ ਕੇ ਹੈੱਡ ਵਰਕਸ ਤੋਂ ਨਿਕਲਣ ਵਾਲੀ ਸਰਹਿੰਦ ਨਹਿਰ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਉਸ ਵੇਲੇ ਸਥਿਤੀ ਚਿੰਤਾਜਨਕ ਬਣ ਗਈ, ਜਦੋਂ ਪਿਛਲੇ ਕਾਫ਼ੀ ਦਿਨਾਂ ਤੋਂ ਪਾਣੀ ਵੱਧ ਚੱਲਣ ਕਾਰਨ ਜ਼ੀਰਾ ਹਲਕੇ ਦੇ ਪਿੰਡ ਵਿਰਕਾਂਵਾਲੀ ਅਤੇ ਭੜਾਨਾ ਦੀ ਸਰਹੱਦ ਤੋਂ ਖਾਰ ਪੈਣੀ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਦਿਖਾਈ ਚੌਕਸੀ ਕਾਰਨ ਇਹ ਸੰਭਾਵੀ ਖਤਰੇ ਨੂੰ ਟਾਲਿਆ ਜਾ ਸਕਿਆ ਹੈ। ਦੱਸਣਯੋਗ ਹੈ ਕਿ ਸਰਹਿੰਦ ਨਹਿਰ ਜੋ ਕਿ ਹਰੀਕੇ ਹੈੱਡ ਤੋਂ ਨਿਕਲਦੀ ਹੈ, ਵਿਚ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਨੱਕੋ ਨੱਕ ਚੱਲ ਰਿਹਾ ਸੀ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਪਹਿਲਾਂ ਵੀ ਚਿੰਤਾ ਪ੍ਰਗਟ ਕੀਤੀ ਗਈ ਸੀ। ਜੇਕਰ ਅੱਜ ਇਹ ਨਹਿਰ ਵਿਚ ਪਾੜ ਪੈ ਜਾਂਦਾ ਤਾਂ ਇਸ ਨਾਲ ਦਰਜ਼ਨਾਂ ਪਿੰਡ ਪ੍ਰਭਾਵਿਤ ਹੋ ਜਾਣੇ ਸਨ। 17 ਜੂਨ ਨੂੰ ਸਵੇਰੇ ਜਿਵੇਂ ਹੀ ਇਸ ਖਾਰ ਪੈਣ ਦੀ ਖ਼ਬਰ ਲੋਕਾਂ ਨੂੰ ਲੱਗੀ ਤਾਂ ਆਸ ਪਾਸ ਦੇ ਪਿੰਡਾਂ ਦੇ ਗੁਰੂ ਘਰਾਂ ਵਿਚ ਮੁਨਿਆਦੀ ਕਰਵਾਈ ਗਈ। ਜਿਸ ਤੋਂ ਬਾਅਦ ਲੋਕ ਆਪੋ ਆਪਣੇ ਟਰੈਕਟਰ ਅਤੇ ਗੱਟੇ ਲੈ ਕੇ ਖਾਰ ਵਾਲੀ ਥਾਂ ’ਤੇ ਪੁੱਜੇ ਅਤੇ ਬੜ੍ਹੀ ਮੁਸਤੈਦੀ ਨਾਲ ਉਨ੍ਹਾਂ ਵਲੋਂ ਇਸ ਖਾਰ ਵੱਡਾ ਪਾਣ ਪੈਣ ਤੋਂ ਬਚਾਇਆ। ਇਸ ਤੋਂ ਬਾਅਦ ਸੂਚਨਾਂ ਮਿਲਣ ’ਤੇ ਅਧਿਕਾਰੀ ਵੀ ਪਹੁੰਚੇ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਨਹਿਰ ਵਿਚ ਪਾਣੀ ਦਾ ਪੱਧਰ ਘਟਾਉਣ ਦੀ ਅਪੀਲ ਕੀਤੀ। ਇਸ ਸਥਿਤੀ ਬਾਰੇ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ, ਤਾਂ ਜੋ ਭਵਿੱਖ ਵਿਚ ਅਜਿਹੀ ਸਥਿਤੀ ਤੋਂ ਬਚਿਆ ਜਾ ਸਕੇ। ਪਿੰਡ ਵਾਸੀਆਂ ਦੇ ਇਸ ਸਮੇਂ ਸਿਰ ਕੀਤੇ ਗਏ ਉਪਰਾਲੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ।