ਫਿਰੋਜ਼ਪੁਰ, 17 ਜੂਨ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਰਹੱਦ ਪਾਰ ਤੋਂ ਡ੍ਰਰੋਨ ਰਾਹੀਂ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਐਂਟੀ ਨਾਰਕੋਟਿਕ ਟਾਸਕ ਫੋਰਸ ਫ਼ਿਰੋਜ਼ਪੁਰ ਰੇਂਜ ਅਤੇ ਬੀ.ਐੱਸ.ਐੱਫ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ ਕਾਰਵਾਈ ਦੌਰਾਨ 1 ਕਿੱਲੋ 904 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਗੁਰਿੰਦਰਬੀਰ ਸਿੰਘ, ਏ.ਆਈ.ਜੀ ਏ.ਐੱਨ.ਟੀ.ਐੱਫ ਫ਼ਿਰੋਜ਼ਪੁਰ ਰੇਂਜ ਦੀ ਅਗਵਾਈ ਹੇਠ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਇਹ ਸਫਲਤਾ ਮਿਲੀ। ਪਹਿਲੇ ਕੇਸ ਵਿਚ ਏ.ਐੱਨ.ਟੀ.ਐੱਫ ਫ਼ਿਰੋਜ਼ਪੁਰ ਰੇਂਜ ਦੇ ਐੱਸ.ਆਈ ਗੁਰਬਖ਼ਸ਼ ਸਿੰਘ, ਏ.ਐੱਸ.ਆਈ ਪਰਮਿੰਦਰ ਸਿੰਘ ਅਤੇ ਬੀ.ਐੱਸ.ਐੱਫ ਦੇ ਇੰਸਪੈਕਟਰ ਵਿਰੇਂਦਰ ਸਿੰਘ ਦੀ ਟੀਮ ਨੇ ਰਣ ਸਿੰਘ, ਡਿਪਟੀ ਕਮਾਡੈਂਟ ਜੀ-ਬ੍ਰਾਂਚ ਬੀ.ਐੱਸ.ਐੱਫ ਅਤੇ ਡੀ.ਐੱਸ.ਪੀ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਕੀਤੀ ਤਲਾਸ਼ੀ ਦੌਰਾਨ ਉਸ ਕੋਲੋਂ 1 ਕਿੱਲੋ 404 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਯੁਗਰਾਜ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਪਛਾੜੀਆਂ, ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਇਸੇ ਤਰ੍ਹਾਂ ਏ.ਐੱਸ.ਆਈ ਦਲਜੀਤ ਸਿੰਘ ਦੀ ਟੀਮ ਨੇ ਡੀ.ਐੱਸ.ਪੀ ਸਤਪਾਲ ਸਿੰਘ ਦੀ ਅਗਵਾਈ ਹੇਠ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਵਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਦੋਵੇਂ ਵਾਸੀ ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਏ.ਐੱਨ.ਟੀ.ਐੱਫ, ਐੱਸ.ਏ.ਐੱਸ ਨਗਰ ਵਿਖੇ ਐੱਨ.ਡੀਪੀ.ਐੱਸ ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤੇ ਗਏ ਹਨ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਹਿਲੇ ਕੇਸ ਵਿਚ ਬਰਾਮਦ ਹੋਈ ਹੈਰੋਇਨ ਦੀ ਖੇਪ ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਪਿੰਡ ਪਛਾੜੀਆਂ ਨੇੜੇ ਖੇਤਾਂ ਵਿਚ ਸੁੱਟੀ ਗਈ ਸੀ, ਜਿਸ ਨੂੰ ਅੱਗੇ ਸਪਲਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਏ.ਐੱਨ.ਟੀ.ਐੱਫ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਤਸਕਰੀ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਦੇ ਲਿੰਕਾਂ ਅਤੇ ਵਿੱਤੀ ਸੰਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁੱਖ ਸਪਲਾਇਰਾਂ, ਸਹਿਯੋਗੀਆਂ ਅਤੇ ਵਿੱਤੀ ਮਦਦਗਾਰਾਂ ਤੱਕ ਪਹੁੰਚ ਕੇ ਪੂਰੇ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।
ਏ.ਐੱਨ.ਟੀ.ਐੱਫ ਤੇ ਬੀ.ਐੱਸ.ਐੱਫ ਵਲੋਂ ਸਾਂਝੀ ਕਾਰਵਾਈ ’ਚ ਕਰੀਬ ਦੋ ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰ ਕਾਬੂ
ਅਜੀਤ ਡੈਸਕ
18-06-2026