ਫ਼ਿਰੋਜ਼ਪੁਰ, 17 ਜੂਨ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘‘ਯੁੱਧ ਨਸ਼ਿਆਂ ਵਿਰੁੱਧ’’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਪਿੰਡਾਂ ਵਿਚ ਚਾਰ ਵਿਸ਼ੇਸ਼ ਈ-ਰਿਕਸ਼ੇ ਰਵਾਨਾ ਕੀਤੇ ਗਏ । ਵਿਧਾਇਕ ਭੁੱਲਰ ਨੇ ਦੱਸਿਆ ਕਿ ਇਹ ਈ-ਰਿਕਸ਼ੇ ਹਰ ਰੋਜ਼ ਪੰਜ-ਪੰਜ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਵੀ ਇਕੱਠੀ ਕਰਨਗੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਨਾਲ ਹੀ ਇਸ ਸਮੱਸਿਆ ਦਾ ਮੁਕੰਮਲ ਹੱਲ ਸੰਭਵ ਹੈ। ਵਿਧਾਇਕ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਈ-ਰਿਕਸ਼ਿਆਂ ਵਿਚ ਵਿਸ਼ੇਸ਼ ਸ਼ਿਕਾਇਤ ਬਕਸੇ ਲਗਾਏ ਗਏ ਹਨ, ਜਿਨ੍ਹਾਂ ਵਿਚ ਲੋਕ ਬਿਨ੍ਹਾ ਕਿਸੇ ਡਰ ਜਾਂ ਝਿਜਕ ਦੇ ਨਸ਼ਾ ਤਸਕਰਾਂ ਖ਼ਿਲਾਫ਼ ਆਪਣੀਆਂ ਸ਼ਿਕਾਇਤਾਂ ਜਾਂ ਜਾਣਕਾਰੀਆਂ ਲਿਖ ਕੇ ਪਾ ਸਕਦੇ ਹਨ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਲੋਕ ਭਲਾਈ ਮੁਹਿੰਮ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਅਤੇ ਪ੍ਰਸ਼ਾਸਨ, ਸਰਕਾਰ ਦਾ ਸਹਿਯੋਗ ਕਰਨ । ਇਸ ਮੌਕੇ ਐਸ.ਡੀ.ਐੱਮ. ਫਿਰੋਜ਼ਪੁਰ ਅਭਿਸ਼ੇਕ ਸ਼ਰਮਾ ਅਤੇ ਡਾ. ਅਮਨਦੀਪ ਕੌਰ ਗੋਸਲ ਭੁੱਲਰ, ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਫਿਰੋਜ਼ਪੁਰ ਸ਼ਹਿਰੀ ਵੀ ਹਾਜ਼ਰ ਸਨ।
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸੰਬੰਧੀ ਜਾਗਰੂਕਤਾ ਤਹਿਤ ਸ਼ਹਿਰੀ ਹਲਕੇ ਦੇ ਪਿੰਡਾਂ ਲਈ 4 ਵਿਸ਼ੇਸ਼ ਈ-ਰਿਕਸ਼ੇ ਰਵਾਨਾ
ਅਜੀਤ ਡੈਸਕ
18-06-2026